ਸਿੱਖ ਨੈਸ਼ਨਲ ਕਾਲਜ ਵੱਲੋਂ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਸਿੱਖ ਨੈਸ਼ਨਲ ਕਾਲਜ ਦਾ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ
Publish Date: Sat, 03 Oct 2026 04:24 PM (IST)
Updated Date: Sat, 03 Oct 2026 04:26 PM (IST)
ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ, ਕਾਦੀਆਂ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਤਿੰਨ ਰੋਜ਼ਾ ਯੁਵਕ ਮੇਲੇ ’ਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਲੋਂ ਹਿੱਸਾ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਇਸ ਯੁਵਕ ਮੇਲੇ ’ਚ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ਜਿੱਤੀ ਹੈ। ਇਸ ਸੰਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋ. ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਿੰਨ ਰੋਜ਼ਾ ਜ਼ੋਨਲ ਯੁਵਕ ਮੇਲਾ ਕਰਵਾਇਆ ਗਿਆ ਸੀ। ਇਸ ਯੁਵਕ ਮੇਲੇ ਦੇ ਜ਼ੋਨ ਬੀ ਦੀ ‘ਬੀ’ ਡਿਵੀਜ਼ਨ ’ਚ ਵੱਖ-ਵੱਖ ਸੱਭਿਆਚਾਰਕ, ਕਲਾਤਮਕ ਅਤੇ ਸਾਹਿਤਕ ਵੰਨਗੀਆਂ ਦੇ ਮੁਕਾਬਲੇ ’ਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇਸ ਯੁਵਕ ਮੇਲੇ ਦੌਰਾਨ ਹਿੱਸਾ ਲੈਂਦੇ ਵਿਦਿਆਰਥੀਆਂ ਵੱਲੋਂ ਫ਼ੋਟੋਗ੍ਰਾਫ਼ੀ ’ਚ ਪਹਿਲਾ , ਪੰਜਾਬੀ ਪਹਿਰਾਵੇ (ਫੈਂਸੀ ਡਰੈੱਸ) ’ਚੋਂ ਪਹਿਲਾ , ਰੰਗੋਲੀ ’ਚੋਂ ਵੀ ਪਹਿਲਾ, ਮਹਿੰਦੀ ਲਗਾਉਣ ਦੇ ਮੁਕਾਬਲੇ ’ਚੋਂ ਵੀ ਪਹਿਲਾ , ਵਾਦ- ਵਿਵਾਦ ਅੰਗਰੇਜ਼ੀ ਭਾਸ਼ਾ ’ਚੋਂ ਦੂਜਾ , ਪੇਂਟਿੰਗ ’ਚੋਂ ਦੂਜਾ , ਕਵੀਸ਼ਰੀ ਗਾਇਨ ’ਚੋਂ ਦੂਜਾ , ਪੋਸਟਰ ਬਣਾਉਣ ਦੇ ਮੁਕਾਬਲੇ ’ਚੋਂ ਦੂਜਾ , ਕਲੇਅ ਮਾਡਲਿੰਗ ਚੋਂ ਵੀ ਦੂਸਰਾ , ਭੰਗੜੇ ਵਿੱਚੋਂ ਤੀਸਰਾ , ਗੀਤ/ ਗ਼ਜ਼ਲ ਵਿੱਚੋਂ ਤੀਸਰਾ , ਐਲੋਕੇਸ਼ਨ ( ਪੰਜਾਬੀ )ਮੁਕਾਬਲੇ ਵਿੱਚੋਂ ਤੀਸਰਾ , ਲੁੱਡੀ ਵੀ ਤੀਸਰਾ , ਫੁਲਕਾਰੀ ਕੱਢਣ ਵਿੱਚੋਂ ਤੀਸਰਾ ,ਛਿੱਕੂ ਬਣਾਉਣ ਦੇ ਮੁਕਾਬਲੇ ਵਿੱਚੋਂ ਤੀਜਾ ਸਥਾਨ ਆਦਿ ਵੰਨਗੀਆਂ ’ਚੋਂ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਖ਼ਤ ਮੁਕਾਬਲੇ ’ਚੋਂ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ਜਿੱਤੀ ਹੈ। ਇਸ ਮੌਕੇ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਸਮੂਹ ਮੈਂਬਰਾਂ ਵੱਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ, ਯੁਵਕ ਭਲਾਈ ਵਿਭਾਗ ਦੇ ਇੰਚਾਰਜ ਪ੍ਰੋ. ਹਰਜਿੰਦਰ ਸਿੰਘ, ਸਹਿ- ਇੰਚਾਰਜ ਡਾ. ਸਤਿੰਦਰ ਕੌਰ, ਪ੍ਰੋ. ਰਜਵੰਤ ਕੌਰ, ਪ੍ਰੋ. ਬਲਬੀਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਲਵਪ੍ਰੀਤ ਕੌਰ ,ਪ੍ਰੋ. ਜਸਕਿਰਨ ਕੌਰ, ਪ੍ਰੋ. ਆਰਫ਼ਾ ਕਮਰ, ਪ੍ਰੋ. ਨਵਤੇਸ਼ਪਾਲ ਸਿੰਘ, ਹਰਮਨਜੀਤ ਸਿੰਘ ਸਮੇਤ ਇਸ ਯੁਵਕ ਮੇਲੇ ਵਿੱਚ ਵੱਖ-ਵੱਖ ਵੰਨਗੀਆਂ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ- ਪਿਤਾ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।