- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸ਼ਹੂਰ 'ਚ ਗੋਲੀ ਚੱਲੀ, ਨੌਜਵਾਨ ਵਾਰ-ਵਾਰ ਬਚਿਆ

--ਪੁਲਿਸ ਵੱਲੋਂ ਮਾਮਲਾ ਦਰਜ, ਭਾਲ ਜਾਰੀ : ਡੀਐੱਸਪੀ ਅਮੋਲਕ ਸਿੰਘ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਸ਼ਹੂਰ ਵਿਖੇ ਸ਼ਨਿਚਰਵਾਰ ਦੀ ਰਾਤ ਨੂੰ ਇੱਕ ਬੇਲਰ ਮਾਲਕ ਤੇ ਕਿਸਾਨ ਕੈਪਟਨ ਸਿੰਘ 'ਤੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਵੱਲੋਂ ਗੋਲੀ ਚੱਲਣ ਦੀ ਜਾਣਕਾਰੀ ਤੁਰੰਤ 112 ਨੰਬਰ 'ਤੇ ਦੇਣ ਉਪਰੰਤ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬੇਲਰ ਮਾਲਕ ਕੈਪਟਨ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸ਼ਹੂਰ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਜਦੋਂ ਉਹ ਸਵਾ 9 ਵਜੇ ਦੇ ਕਰੀਬ ਆਪਣੇ ਪਿੰਡ ਦੇ ਨੌਜਵਾਨ ਜੋਗਿੰਦਰ ਸਿੰਘ ਨਾਲ ਪਿੰਡ ਪਰਤਿਆ ਤਾਂ ਜੋਗਿੰਦਰ ਸਿੰਘ ਆਪਣੇ ਘਰ ਚਲਾ ਗਿਆ ਅਤੇ ਜਦੋਂ ਉਹ ਆਪਣੇ ਘਰ ਨੂੰ ਪਰਤ ਰਿਹਾ ਸੀ ਤਾਂ ਰਾਤ ਦੇ ਹਨੇਰੇ ਦੌਰਾਨ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਹਨੇਰੇ ਵਿੱਚ ਉਸ 'ਤੇ ਪਿਸਤੌਲ ਨਾਲ ਫ਼ਾਇਰ ਕਰ ਦਿੱਤਾ। ਉਸ ਨੇ ਦੱਸਿਆ ਕਿ ਗੋਲੀ ਚੱਲਦਿਆਂ ਹੀ ਉਹ ਤੁਰੰਤ ਹੇਠਾਂ ਬੈਠ ਗਿਆ ਅਤੇ ਉਹ ਗੋਲੀ ਉਸ ਦੇ ਸਿਰ ਤੇ ਬੰਨੇ ਪਰਨੇ ਨਾਲ ਖਹਿ ਕੇ ਨਿਕਲ ਗਈ। ਕੈਪਟਨ ਸਿੰਘ ਨੇ ਆਪਣੇ ਸਾਥੀਆਂ ਸਮੇਤ ਦੱਸਿਆ ਕਿ ਇਸ ਦੌਰਾਨ ਉਸ ਦੇ ਸਿਰ 'ਤੇ ਬੰਨ੍ਹਿਆ ਪਰਨਾ ਵੀ ਲੱਥ ਗਿਆ ਅਤੇ ਉਸ ਵਿੱਚ ਛਰ੍ਹਾਂ ਵੀ ਲੱਗਾ। ਕੈਪਟਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਕਤ ਨੌਜਵਾਨ ਨੇ ਭੱਜਦਿਆਂ-ਭੱਜਦਿਆਂ ਦੋ ਹੋਰ ਫ਼ਾਇਰ ਕੀਤੇ। ਉਸ ਨੇ ਦੱਸਿਆ ਕਿ ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਅਤੇ ਪੁਲਿਸ ਚੌਕੀ ਦੋਸਤਪੁਰ ਦੇ ਚਾਰਜ ਸੰਨੀ ਬੈਂਸ ਸਮੇਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੀ ਅਤੇ ਪੁਲਿਸ ਨੂੰ ਆਪਣੇ ਬਿਆਨ ਕਲਮਬੰਦ ਕਰਵਾਏ ਗਏ। ਕੈਪਟਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਛਾਣਬੀਣ ਦੌਰਾਨ ਇੱਕ ਚੱਲੇ ਕਾਰਤੂਸ ਦਾ ਖੋਲ ਵੀ ਮਿਲਿਆ, ਜੋ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਇਸ ਮੌਕੇ 'ਤੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ 'ਤੇ ਗੋਲੀ ਚਲਾਉਣ ਵਾਲੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਕੈਪਟਨ ਸਿੰਘ ਵੱਲੋਂ ਰਾਤ ਨੂੰ ਹੀ ਗੋਲੀ ਚੱਲਣ ਸੰਬੰਧੀ 112 'ਤੇ ਕਾਲ ਕੀਤੀ ਗਈ ਸੀ, ਜਿੱਥੇ ਤੁਰੰਤ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਤੇ ਹੋਰ ਪੁਲਿਸ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਕੈਪਟਨ ਸਿੰਘ ਅਤੇ ਪਿੰਡ ਦੇ ਦੂਜੇ ਨੌਜਵਾਨ ਵਿਚਕਾਰ ਤਕਰਾਰ ਚੱਲਦਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਥਾਣਾ ਕਲਾਨੌਰ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਅਤੇ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।