ਜਹਾਜ਼ ਚੌਕ ਤੋਂ ਵਾਲਮੀਕਿ ਚੌਕ ਤੱਕ ਫੁਟਪਾਥਾਂ 'ਤੇ ਦੁਕਾਨਦਾਰਾਂ ਦਾ ਕਬਜ਼ਾ, ਰਾਹਗੀਰ ਪਰੇਸ਼ਾਨ ਜਹਾਜ਼ ਚੌਕ ਤੋਂ ਵਾਲਮੀਕਿ ਚੌਕ ਤੱਕ ਫੁਟਪਾਥਾਂ 'ਤੇ ਦੁਕਾਨਦਾਰਾਂ ਦਾ ਕਬਜ਼ਾ, ਰਾਹਗੀਰ ਪਰੇਸ਼ਾਨ
Publish Date: Sat, 14 Nov 2026 03:47 PM (IST)
Updated Date: Sun, 15 Nov 2026 04:00 AM (IST)
-ਸੜਕ ਖੁੱਲ੍ਹੀ ਪਰ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਨਹੀਂ ਮਿਲ ਰਿਹਾ ਰਾਹਤ ਦਾ ਲਾਭ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸ਼ਹਿਰ ਦੇ ਜਹਾਜ਼ ਚੌਕ ਤੋਂ ਲੈ ਕੇ ਵਾਲਮੀਕਿ ਚੌਕ ਤੱਕ ਫੁਟਪਾਥਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਫੁਟਪਾਥਾਂ ਤੇ ਆਪਣਾ ਸਮਾਨ ਸਜਾ ਕੇ ਰਾਹ ਨੂੰ ਘੇਰ ਲਿਆ ਹੈ। ਇਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਮਜ਼ਬੂਰਨ ਸੜਕ ਤੇ ਉਤਰ ਕੇ ਚੱਲਣਾ ਪੈ ਰਿਹਾ ਹੈ। ਇਸ ਨਾਲ ਹਰ ਸਮੇਂ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਫੁਟਪਾਥਾਂ ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਵੱਲੋਂ ਕੋਈ ਵੀ ਉਚਿਤ ਕਦਮ ਨਹੀਂ ਚੁੱਕਿਆ ਜਾ ਰਿਹਾ। ਨਗਰ ਕੌਂਸਲ ਦੀ ਢਿੱਲੀ ਕਾਰਵਾਈ ਕਾਰਨ ਹੀ ਦੁਕਾਨਦਾਰਾਂ ਦੇ ਹੌਸਲੇ ਬੁਲੰਦ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਵੱਲੋਂ ਸੜਕ ਨੂੰ ਖੁੱਲ੍ਹਾ ਕਰਵਾਉਣ ਅਤੇ ਆਵਾਜਾਈ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਯਤਨ ਕੀਤੇ ਗਏ ਸਨ। ਲੋਕਾਂ ਨੂੰ ਉਮੀਦ ਸੀ ਕਿ ਸੜਕ ਖੁੱਲ੍ਹਣ ਨਾਲ ਉਨ੍ਹਾਂ ਨੂੰ ਜਾਮ ਅਤੇ ਆਵਾਜਾਈ ਦੀ ਸਮੱਸਿਆ ਤੋਂ ਰਾਹਤ ਮਿਲੇਗੀ, ਪਰ ਫੁਟਪਾਥਾਂ ਤੇ ਦੁਬਾਰਾ ਵਧ ਰਹੇ ਨਾਜਾਇਜ਼ ਕਾਰਨ ਇਨ੍ਹਾਂ ਯਤਨਾਂ ਦਾ ਉਮੀਦ ਮੁਤਾਬਕ ਲਾਭ ਨਹੀਂ ਮਿਲ ਰਿਹਾ। ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਕਾਫ਼ੀ ਅੱਗੇ ਤੱਕ ਸਮਾਨ ਲਗਾ ਰਹੇ ਹਨ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਫੁਟਪਾਥ ਤੇ ਚੱਲਣ ਦੀ ਜਗ੍ਹਾ ਹੀ ਨਹੀਂ ਬਚਦੀ। -ਨਗਰ ਕੌਂਸਲ ਦੀ ਕਾਰਵਾਈ ਠੰਡੇ ਬਸਤੇ ’ਚ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਦੇ-ਕਦਾਈਂ ਹੀ ਮੁਹਿੰਮ ਚਲਾਈ ਜਾਂਦੀ ਹੈ। ਹਾਲਾਂਕਿ, ਇਹ ਮੁਹਿੰਮ ਸਿਰਫ਼ ਇੱਕ ਜਾਂ ਦੋ ਦਿਨ ਤੱਕ ਹੀ ਚੱਲਦੀ ਹੈ ਅਤੇ ਉਸ ਤੋਂ ਬਾਅਦ ਪੂਰੀ ਤਰ੍ਹਾਂ ਠੰਡੇ ਬਸਤੇ ਵਿੱਚ ਚਲੀ ਜਾਂਦੀ ਹੈ। ਨਤੀਜਾ ਇਹ ਹੈ ਕਿ ਨਾਜਾਇਜ਼ ਕਬਜ਼ੇ ਕਰਨ ਵਾਲੇ ਕੁਝ ਹੀ ਦਿਨਾਂ ਵਿੱਚ ਫਿਰ ਤੋਂ ਸੜਕਾਂ ਅਤੇ ਜਨਤਕ ਥਾਵਾਂ ਤੇ ਕਬਜ਼ਾ ਕਰ ਲੈਂਦੇ ਹਨ। ਮੁਹਿੰਮ ਦੌਰਾਨ ਕੁਝ ਸਮੇਂ ਲਈ ਸੜਕਾਂ ਸਾਫ਼ ਦਿਖਦੀਆਂ ਹਨ ਪਰ ਬਾਅਦ ਵਿੱਚ ਸਥਿਤੀ ਪਹਿਲਾਂ ਵਾਂਗ ਹੋ ਜਾਂਦੀ ਹੈ। -ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਸਥਾਨਕ ਨਿਵਾਸੀ ਸੁਖਦੇਵ ਸਿੰਘ, ਨਿਰਮਲ ਸਿੰਘ ਅਤੇ ਸੰਦੀਪ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਅਤੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫੁਟਪਾਥ ਆਮ ਲੋਕਾਂ ਅਤੇ ਪੈਦਲ ਰਾਹਗੀਰਾਂ ਦੀ ਸੁਵਿਧਾ ਲਈ ਬਣਾਏ ਜਾਂਦੇ ਹਨ, ਪਰ ਦੁਕਾਨਦਾਰਾਂ ਵੱਲੋਂ ਇਨ੍ਹਾਂ ਤੇ ਸਮਾਨ ਰੱਖ ਕੇ ਕਬਜ਼ਾ ਕਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਖ਼ਾਸ ਤੌਰ ਤੇ ਦਿੱਕਤ ਆਉਂਦੀ ਹੈ। ਸੜਕ ਤੇ ਵਾਹਨਾਂ ਦੀ ਆਵਾਜਾਈ ਦਰਮਿਆਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਰਾਹ ਪਾਰ ਕਰਨਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਹਾਜ਼ ਚੌਕ ਤੋਂ ਵਾਲਮੀਕਿ ਚੌਕ ਤੱਕ ਵਿਸ਼ੇਸ਼ ਨਾਜਾਇਜ਼ ਹਟਾਓ ਮੁਹਿੰਮ ਚਲਾਈ ਜਾਵੇ ਅਤੇ ਫੁੱਟਪਾਥਾਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇ।