ਦਾਣਾ ਮੰਡੀ 'ਚ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ ਦਾਣਾ ਮੰਡੀ 'ਚ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ
Publish Date: Sun, 22 Nov 2026 06:34 PM (IST)
Updated Date: Mon, 23 Nov 2026 04:07 AM (IST)
ਫੋਟੋ: 22ਬੀਟੀਐਲ27 ਗੰਦਗੀ ਦੇ ਢੇਰ ਹਟਾਉਂਦੀ ਜੇਸੀਬੀ। ਫੋਟੋ: 22ਬੀਟੀਐਲ28 ਜਾਣਕਾਰੀ ਦਿੰਦੇ ਹੋਏ ਵਾਈਸ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਦੀਆਂ : ਸਬਜ਼ੀ ਮੰਡੀ ਦੇ ਨਜ਼ਦੀਕ ਸਥਿਤ ਦਾਣਾ ਮੰਡੀ ਕਾਦੀਆਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਕੂੜੇ ਦੇ ਵੱਡੇ ਢੇਰਾਂ ਨੂੰ ਚੁੱਕਣ ਦਾ ਕੰਮ ਅੱਜ ਨਗਰ ਕੌਂਸਲ ਵੱਲੋਂ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਜਗ੍ਹਾ ਤੇ ਪਈ ਭਾਰੀ ਗੰਦਗੀ ਕਾਰਨ ਜਿੱਥੇ ਸਬਜ਼ੀ ਮੰਡੀ ਵਿੱਚ ਆਉਣ-ਜਾਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਹੀ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਸੀ। ਇਸ ਸਮੱਸਿਆ ਤੋਂ ਤੰਗ ਆ ਕੇ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਤੱਕ ਪਹੁੰਚ ਕਰਕੇ ਇਸ ਗੰਦਗੀ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ ਗਈ ਸੀ।ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਵੱਲੋਂ ਤੁਰੰਤ ਨਗਰ ਕੌਂਸਲ ਕਾਦੀਆਂ ਦੇ ਅਧਿਕਾਰੀਆਂ ਨੂੰ ਇਹ ਕੂੜੇ ਦੇ ਢੇਰ ਚੁੱਕਣ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ਇਨ੍ਹਾਂ ਹੁਕਮਾਂ ਤੇ ਤੁਰੰਤ ਅਮਲ ਕਰਦਿਆਂ ਨਗਰ ਕੌਂਸਲ ਪ੍ਰਧਾਨ ਪਲਵਿੰਦਰ ਕੌਰ ਮਾਹਲ ਅਤੇ ਵਾਈਸ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਦੀ ਅਗਵਾਈ ਹੇਠ ਅੱਜ ਸਫ਼ਾਈ ਮੁਹਿੰਮ ਵਿੱਢ ਕੇ ਗੰਦਗੀ ਦੇ ਢੇਰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।ਇਸ ਮੌਕੇ ਨਗਰ ਕੌਂਸਲ ਦੇ ਨੁਮਾਇੰਦਿਆਂ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਵਾਸੀਆਂ ਨੂੰ ਸਫ਼ਾਈ ਪੱਖੋਂ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਨਿਰਧਾਰਿਤ ਥਾਵਾਂ ਤੇ ਹੀ ਸੁੱਟਣ ਅਤੇ ਕਾਦੀਆਂ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਰੱਖਣ ਲਈ ਨਗਰ ਕੌਂਸਲ ਦਾ ਪੂਰਨ ਸਹਿਯੋਗ ਦੇਣ।