ਧਾਰੀਵਾਲ ਵਿੱਚ ਦੁਕਾਨਦਾਰ ਦੀ ਐਕਟੀਵਾ ਚੋਰੀ, ਸੀਸੀਟੀਵੀ ਵਿੱਚ ਦੋ ਨੌਜਵਾਨ ਕੈਦ ਧਾਰੀਵਾਲ ਵਿੱਚ ਦੁਕਾਨਦਾਰ ਦੀ ਐਕਟੀਵਾ ਚੋਰੀ, ਸੀਸੀਟੀਵੀ ਵਿੱਚ ਦੋ ਨੌਜਵਾਨ ਕੈਦ
Publish Date: Tue, 01 Sep 2026 05:13 PM (IST)
Updated Date: Tue, 01 Sep 2026 05:16 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ: ਧਾਰੀਵਾਲ ਖੇਤਰ ਵਿੱਚ ਪਿਛਲੀ ਰਾਤ ਇੱਕ ਗਰੀਬ ਦੁਕਾਨਦਾਰ ਦੀ ਐਕਟੀਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਨਹਿਰ ਅਤੇ ਬੀਡੀਪੀਓ ਦਫ਼ਤਰ ਦੇ ਨੇੜੇ ਸਥਿਤ ਇੱਕ ਦੁਕਾਨ ਦੇ ਬਾਹਰ ਵਾਪਰੀ ਜਿੱਥੇ ਦੁਕਾਨਦਾਰ ਨੇ ਆਪਣੀ ਸਕੂਟੀ ਖੜ੍ਹੀ ਕੀਤੀ ਸੀ। ਦੁਕਾਨਦਾਰ ਪਿੰਚੂ ਨੇ ਦੱਸਿਆ ਕਿ ਉਹ ਸ਼ਟਰ ਬੰਦ ਕਰਕੇ ਦੁਕਾਨ ਦੇ ਅੰਦਰ ਕੰਮ ਕਰ ਰਿਹਾ ਸੀ। ਦੇਰ ਰਾਤ ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦੀ ਐਕਟੀਵਾ ਉੱਥੋਂ ਗਾਇਬ ਸੀ। ਆਸ-ਪਾਸ ਲੱਗੇ ਸੀਸੀਟੀਵੀ ਦੀ ਫੁਟੇਜ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਸਾਫ਼ ਨਜ਼ਰ ਆਏ। ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਹੀ ਬੈਠਾ ਰਿਹਾ, ਜਦੋਂ ਕਿ ਉਸ ਦਾ ਸਾਥੀ ਸਕੂਟੀ ਨੂੰ ਧੱਕਾ ਮਾਰ ਕੇ ਉੱਥੋਂ ਭੱਜ ਨਿਕਲਿਆ। ਚੋਰ ਸਕੂਟੀ ਸਟਾਰਟ ਨਹੀਂ ਕਰ ਪਾਏ ਸਨ। ਪਿੰਚੂ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਅਤੇ ਨਹਿਰ ਦੇ ਕਿਨਾਰੇ ਛੋਟਾ ਜਿਹਾ ਖੋਖਾ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਉਸ ਨੇ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਇਹ ਸਕੂਟੀ ਉਸ ਦੀ ਰੋਜ਼ੀ-ਰੋਟੀ ਦਾ ਇਕਲੌਤਾ ਸਾਧਨ ਸੀ, ਜਿਸ ਦੇ ਚੋਰੀ ਹੋ ਜਾਣ ਕਾਰਨ ਉਸ ਦੇ ਸਾਹਮਣੇ ਗੁਜ਼ਾਰੇ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਗਈ ਹੈ। ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ। ਸਥਾਨਕ ਲੋਕਾਂ ਨੇ ਪੁਲਿਸ ਤੋਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪੀੜਤ ਦੀ ਮਦਦ ਕਰਨ ਦੀ ਮੰਗ ਕੀਤੀ ਹੈ।