ਸ਼ੋਭਾ ਯਾਤਰਾ ਦਾ 1 ਦਸੰਬਰ ਨੂੰ ਹੋਵੇਗਾ ਭਰਵਾਂ ਸਵਾਗਤ : ਸ਼ੈਰੀ ਕਲਸੀ ਸ਼ੋਭਾ ਯਾਤਰਾ ਦਾ ਬਟਾਲਾ ਵਿਖੇ 1 ਦਸੰਬਰ ਨੂੰ ਪਹੁੰਚਣ 'ਤੇ ਹੋਵੇਗਾ ਭਰਵਾਂ ਸਵਾਗਤ: ਸ਼ੈਰੀ ਕਲਸੀ
Publish Date: Sun, 29 Nov 2026 03:35 PM (IST)
Updated Date: Sun, 29 Nov 2026 03:38 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇੱ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ 1 ਦਸੰਬਰ ਨੂੰ ਬਟਾਲਾ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਕੀਤਾ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ, ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 30 ਨਵ਼ੰਬਰ ਨੂੰ ਜੰਮੂ ਤੋਂ ਸ਼੍ਰੀ ਗੁਰੂ ਰਵੀਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਜਾਵੇਗੀ, ਜੋ 30 ਨਵੰਬਰ ਨੂੰ ਸ਼ਾਮ ਪਠਾਨਕੋਟ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 1 ਦਸੰਬਰ ਨੂੰ ਸ਼ੋਭਾ ਯਾਤਰਾ ਪਠਾਨਕੋਟ ਤੋਂ ਗੁਰਦਾਸਪੁਰ ਲਈ ਰਵਾਨਾ ਹੋਵੇਗੀ ਅਤੇ ਸ਼ੋਭਾ ਯਾਤਰਾ ਦੀਨਨਗਰ, ਉਸ ਤੋਂ ਬਾਅਦ ਗੁਰਦਾਸਪੁਰ ਅਤੇ ਨੌਸ਼ਹਿਰਾ ਮੱਝਾ ਸਿੰਘ ਤੋਂ ਹੁੰਦੀ ਹੋਈ ਬਟਾਲਾ ਵਿਖੇ ਪਹੁੰਚੇਗੀ।ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦਾ ਉਸਮਾਨਪੁਰ ਸਿਟੀ ਬਟਾਲਾ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤੀ ਜਾਵੇਗਾ। ਉਸ ਤੋਂ ਬਾਅਦ ਸ਼ੋਭਾ ਯਾਤਰਾ ਗਾਂਧੀ ਚੌਂਕ, ਮਹਾਰਾਜਾ ਅਗਰਸੈਨ ਚੌਂਕ, ਘਸੀਟਪੁਰ ਤੋਂ ਹੁੰਦੀ ਹੋਈ ਸ਼੍ਰੀ ਅੰਮਿ੍ਤਸਰ ਵਿਖੇ ਪਹੁੰਚੇਗੀ।