‘ਸ਼ੀਸ਼ ਮਹਿਲ’ ਵਿਵਾਦ ਨੇ ਕੇਜਰੀਵਾਲ ਦੀ ਝੂਠੀ ਸਾਦਗੀ ਦਾ ਪਰਦਾਫਾਸ਼ ਕੀਤਾ : ਵਾਲੀਆ ‘ਸ਼ੀਸ਼ ਮਹਿਲ’ ਵਿਵਾਦ ਨੇ ਕੇਜਰੀਵਾਲ ਦੀ ਝੂਠੀ ਸਾਦਗੀ ਦਾ ਪਰਦਾਫਾਸ਼ ਕੀਤਾ : ਵਾਲੀਆ
Publish Date: Sun, 29 Nov 2026 03:33 PM (IST)
Updated Date: Sun, 29 Nov 2026 03:35 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਬਟਾਲਾ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਹਰਸਿਮਰਨ ਸਿੰਘ ਵਾਲੀਆ ਨੇ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਿਵਾਦ ਨੇ ਕੇਜਰੀਵਾਲ ਵੱਲੋਂ ਲੋਕਾਂ ਸਾਹਮਣੇ ਪੇਸ਼ ਕੀਤੀ ਜਾਂਦੀ ‘ਆਮ ਆਦਮੀ’ ਦੀ ਸਾਦਗੀ ਦੇ ਨਕਾਬ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਕਿਉਂਕਿ ਕੇਜਰੀਵਾਲ ਨੇ ਕਦੇ ਸਰਕਾਰੀ ਬੰਗਲਾ ਨਾ ਲੈਣ, ਵੈਗਨਆਰ ਕਾਰ ਵਿੱਚ ਸਫ਼ਰ ਕਰਨ ਅਤੇ ਵੀਆਈਪੀ ਕਲਚਰ ਖ਼ਤਮ ਕਰਨ ਵਰਗੇ ਵਾਅਦੇ ਕਰਕੇ ਸਿਆਸਤ ਵਿੱਚ ਕਦਮ ਰੱਖਿਆ ਸੀ, ਪਰ ਅੱਜ ਉਨ੍ਹਾਂ ਦੀ ਕਥਿਤ ਸਾਦਗੀ ਦੀ ਅਸਲੀਅਤ ਲੋਕਾਂ ਸਾਹਮਣੇ ਹੈ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਟੈਕਸਦਾਤਾਵਾਂ ਦੇ ਲਗਭਗ 59 ਕਰੋੜ ਰੁਪਏ ਆਲੀਸ਼ਾਨ ਝੂਮਰਾਂ, ਮਹਿੰਗੇ ਪਰਦਿਆਂ ਅਤੇ ਮਾਡਿਊਲਰ ਰਸੋਈ ਵਰਗੀਆਂ ਸਹੂਲਤਾਂ ’ਤੇ ਖ਼ਰਚ ਕੀਤੇ ਗਏ।ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਚਲਾਈ ਜਾ ਰਹੀ ਹੈ, ਉਸੇ ਤਰ੍ਹਾਂ ‘ਸ਼ੀਸ਼ ਮਹਿਲ’ ਦੇ ਦਰਸ਼ਨਾਂ ਲਈ ਵੀ ਯਾਤਰਾ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਪੰਜਾਬ ਨੂੰ ਆਪਣੀਆਂ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਦਾ ਸਾਧਨ ਬਣਾਇਆ ਜਾ ਰਿਹਾ ਹੈ, ਪਰ ਪੰਜਾਬ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ ਅਤੇ ਪੰਜਾਬੀਆਂ ਦੀ ਖ਼ੂਨ-ਪਸੀਨੇ ਦੀ ਕਮਾਈ ਦਾ ਹਿਸਾਬ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਤੇ ਲਗਾਤਾਰ ਵਧ ਰਹੇ ਕਰਜ਼ੇ ਅਤੇ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੇ ਜਾ ਰਹੇ ਕਰੋੜਾਂ ਰੁਪਏ ਬਾਰੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਵੇ।ਇਸ ਮੌਕੇ ਵਿਜੇ ਸ਼ਰਮਾ ਸਹਿ-ਪ੍ਰਭਾਰੀ ਬਟਾਲਾ ਜ਼ਿਲ੍ਹਾ, ਵਾਈਸ ਪ੍ਰਧਾਨ ਸ਼ਕਤੀ ਸ਼ਰਮਾ, ਵਾਈਸ ਪ੍ਰਧਾਨ ਗੁਰਿੰਦਰਪਾਲ ਸਿੰਘ, ਵਾਈਸ ਪ੍ਰਧਾਨ ਸਵਿੰਦਰ ਸਿੰਘ ਖੈਰਾ, ਸਰਕਲ ਪ੍ਰਧਾਨ ਦੀਪਕ ਜੋਸ਼ੀ ਜਰਨਲ ਸੈਕਟਰੀ ਮਨਿੰਦਰ ਸਿੰਘ ਆਦਿ ਵੀ ਹਾਜ਼ਰ ਸਨ।