ਅੱਠਵੀਂ ਜਮਾਤ ਦੀ ਵਿਦਿਆਰਥਣ ਤਨੁਸ਼ੀ ਕਨੋਜੀਆ ਦੀ ਬੈਡਮਿੰਟਨ ਦੀ ਰਾਸ਼ਟਰੀ ਟੀਮ ਵਿੱਚ ਚੋਣ ਅੱਠਵੀਂ ਜਮਾਤ ਦੀ ਵਿਦਿਆਰਥਣ ਤਨੁਸ਼ੀ ਕਨੋਜੀਆ ਦੀ ਬੈਡਮਿੰਟਨ ਦੀ ਰਾਸ਼ਟਰੀ ਟੀਮ ਵਿੱਚ ਚੋਣ
Publish Date: Mon, 05 Oct 2026 04:12 PM (IST)
Updated Date: Mon, 05 Oct 2026 04:14 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਅੱਠਵੀਂ ਜਮਾਤ ਦੀ ਵਿਦਿਆਰਥਣ ਤਨੁਸ਼ੀ ਕਨੋਜੀਆ ਉਨ੍ਹਾਂ ਪੰਜ ਵਿਦਿਆਰਥਣਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਹੁਸ਼ਿਆਰਪੁਰ ਵਿਖੇ ਹੋਈ ਰਾਜ ਪੱਧਰੀ ਪੰਜਾਬ ਸਕੂਲ ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਬੈਡਮਿੰਟਨ ਦੀ ਰਾਸ਼ਟਰੀ ਟੀਮ ਵਿੱਚ ਥਾਂ ਬਣਾਈ ਹੈ। ਇੰਨਾ ਹੀ ਨਹੀਂ ਇਨ੍ਹਾਂ ਪੰਜਾਬ ਪੱਧਰੀ ਮੁਕਾਬਲਿਆਂ ਵਿੱਚ ਤਨੁਸ਼ੀ ਨੇ ਸਰਵੋਤਮ ਤਿੰਨ ਖਿਡਾਰੀਆਂ ਵਿੱਚ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ਤਨੁਸ਼ੀ ਨੇ ਬੈਡਮਿੰਟਨ ਖੇਡਣਾ ਤਦ ਸ਼ੁਰੂ ਕੀਤਾ ਸੀ ਜਦੋਂ ਉਹ ਦੂਜੀ ਜਮਾਤ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਵੀ ਬੈਡਮਿੰਟਨ ਦੇ ਖਿਡਾਰੀ ਰਹੇ ਹਨ, ਪਰ ਸਾਧਨਾਂ ਦੀ ਘਾਟ ਕਾਰਨ ਉਹ ਅੱਗੇ ਨਹੀਂ ਵਧ ਸਕੇ। ਹਾਲਾਂਕਿ ਆਪਣੀ ਧੀ ਰਾਹੀਂ ਉਨ੍ਹਾਂ ਆਪਣਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਨੁਸ਼ੀ ਨੂੰ ਬੈਡਮਿੰਟਨ ਦੀ ਪੇਸ਼ੇਵਰ ਕੋਚਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ। ਆਪਣੀ ਲਗਨ ਦੇ ਸਦਕਾ ਡੇਢ ਸਾਲ ਬਾਅਦ ਹੀ ਤਨੁਸ਼ੀ ਨੇ ਜ਼ੋਨਲ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਹਾਸਲ ਕੀਤਾ ਅਤੇ ਉਸ ਤੋਂ ਬਾਅਦ ਲਗਾਤਾਰ ਅੱਗੇ ਵਧਦੀ ਰਹੀ। ਜ਼ਿਲ੍ਹਾ ਪੱਧਰ ਦੇ ਅੱਠ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੀ ਤਨੁਸ਼ੀ ਨੇ ਹੁਣ ਤੱਕ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਛੇ ਸੋਨ ਤਗ਼ਮੇ ਹਾਸਲ ਕੀਤੇ ਹਨ। ਖੇਡ ਵਿੱਚ ਲਗਾਤਾਰ ਅੱਗੇ ਵਧਦੀ ਹੋਈ ਉਹ ਓਲੰਪਿਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਂ ਕਮਾਉਣ ਦਾ ਇਰਾਦਾ ਰੱਖਦੀ ਹੈ ਅਤੇ ਇਸ ਲਈ ਆਪਣੀ ਪ੍ਰੈਕਟਿਸ ਵੀ ਹੌਲੀ-ਹੌਲੀ ਵਧਾ ਰਹੀ ਹੈ। ਹਾਲਾਂਕਿ ਤਨੁਸ਼ੀ ਇਹ ਧਿਆਨ ਵੀ ਰੱਖਦੀ ਹੈ ਕਿ ਖੇਡ ਦਾ ਉਸ ਦੀ ਪੜ੍ਹਾਈ ਤੇ ਕੋਈ ਅਸਰ ਨਾ ਪਵੇ। ਤਨੁਸ਼ੀ ਦੇ ਮਾਤਾ-ਪਿਤਾ ਭਾਵੇਂ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ, ਪਰ ਇਸ ਗੱਲ ਤੋਂ ਸੰਤੁਸ਼ਟ ਨਜ਼ਰ ਆ ਰਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਲੋੜ ਅਨੁਸਾਰ ਖੇਡ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਉਭਰਦੇ ਖਿਡਾਰੀ ਆਪਣਾ ਖੇਡ ਜਾਰੀ ਰੱਖ ਸਕਣ ਅਤੇ ਖੇਡ ਵਿੱਚ ਤਰੱਕੀ ਕਰ ਸਕਣ।