- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਦੇ ਸੁੰਦਰ ਨਗਰ ’ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬਿਜਲੀ ਦੀਆਂ ਤਾਰਾਂ ਨਾਲ ਟਕਰਾਈ

ਸੁਖਦੇਵ ਸਿੰਘ /ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ: ਬਟਾਲਾ ਦੇ ਮੁਹੱਲਾ ਸੁੰਦਰ ਨਗਰ ਵਿੱਚ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਸਕੂਲ ਦੀ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਇੱਕ ਸਕੂਲ ਬੱਸ ਬੈਕ ਕਰਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਈ। ਬੱਸ ਵਿੱਚ ਉਸ ਸਮੇਂ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਸਵਾਰ ਸਨ। ਬਿਜਲੀ ਦੀਆਂ ਤਾਰਾਂ ਨਾਲ ਬੱਸ ਦੇ ਟਕਰਾਉਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਬੱਸ ਵਿੱਚ ਸਵਾਰ ਬੱਚਿਆਂ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ। ਉਧਰ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਸਕੂਲ ਬੱਸ ਡਰਾਈਵਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪਰ ਵਾਪਰੀ ਇਸ ਘਟਨਾ ਦੇ ਨਾਲ ਜਿੱਥੇ ਬੱਚਿਆਂ ਚ ਚੀਕ ਚਿਹਾੜਾ ਪੈ ਗਿਆ ਉੱਥੇ ਬੱਚਿਆਂ ਦੇ ਮਾਤਾ ਪਿਤਾ ਵੀ ਡਾਢੇ ਪਰੇਸ਼ਾਨ ਦਿਖਾਈ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਦੇ ਇੱਕ ਨਾਮੀ ਸਕੂਲ ਦੀ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਲਈ ਮੁਹੱਲਾ ਸੁੰਦਰ ਨਗਰ ਵਿੱਚ ਪਹੁੰਚੀ ਸੀ। ਬੱਚਿਆਂ ਨੂੰ ਉਤਾਰਨ ਲਈ ਬੱਸ ਨੂੰ ਪਿੱਛੇ ਕਰਨ ਦੌਰਾਨ ਬੱਸ ਪਿੱਛੇ ਲੱਗੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਈ। ਟੱਕਰ ਹੁੰਦੇ ਹੀ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਬੱਸ ਵਿੱਚ ਬੈਠੇ ਬੱਚੇ ਘਬਰਾ ਗਏ ਅਤੇ ਬੱਚਿਆਂ 'ਚ ਚੀਕ ਚਿਹਾੜਾ ਪੈ ਗਿਆ। ਘਬਰਾਏ ਹੋਏ ਕੁਝ ਬੱਚਿਆਂ ਨੇ ਬੱਸ ਅੱਗੇ ਵਧਦੇ ਹੀ ਬੱਸ ਤੋਂ ਛਾਲਾਂ ਮਾਰ ਦਿੱਤੀਆਂ ਅਤੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਘਟਨਾ ਵਿੱਚ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਬਿਜਲੀ ਦੀਆਂ ਤਾਰਾਂ ਬੱਸ ਦੇ ਸੰਪਰਕ ਵਿੱਚ ਰਹਿੰਦੀਆਂ ਜਾਂ ਬਿਜਲੀ ਦਾ ਕਰੰਟ ਬੱਸ ਵਿੱਚ ਫੈਲ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੱਸ ਦੇ ਬੈਕ ਕਰਨ ਅਤੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਵਾਪਰੀ ਘਟਨਾ ਨੂੰ ਕੈਦ ਕੀਤਾ ਗਿਆ ਹੈ। ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਚ ਸਕੂਲ ਬੱਸ ਡਰਾਈਵਰ ਦੀ ਵੀ ਅਣਗਹਿਲੀ ਸਾਹਮਣੇ ਆ ਰਹੀ ਹੈ। ਫਿਲਹਾਲ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਇਸ ਗੱਲ ’ਤੇ ਰਾਹਤ ਮਹਿਸੂਸ ਕਰ ਰਹੇ ਹਨ ਕਿ ਬੱਚਿਆਂ ਨਾਲ ਭਰੀ ਬੱਸ ਹੋਣ ਦੇ ਬਾਵਜੂਦ ਵੱਡਾ ਜਾਨੀ ਹਾਦਸਾ ਹੋਣ ਤੋਂ ਟਲ ਗਿਆ। ਉਧਰ ਨਿੱਜੀ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਹਾਦਸਾ ਬਿਜਲੀ ਦੀਆਂ ਤਾਰਾਂ ਢਿਲੀਆਂ ਹੋਣ ਕਾਰਨ ਵਾਪਰਿਆ ਪਰ ਫਿਰ ਵੀ ਡਰਾਈਵਰ ਦੀ ਅਣਗਹਿਲੀ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।