- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਨਾਮਦੇਵ ਸਭਾ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਭਗਤ ਨਾਮਦੇਵ ਜੀ ਦਾ 756ਵਾਂ ਜਨਮ ਉਤਸਵ

--ਨਾਮਦੇਵ ਭਵਨ ’ਚ ਧਾਰਮਿਕ ਸਮਾਗਮ ਦੌਰਾਨ ਮਹਿਲਾ ਕੀਰਤਨੀ ਜੱਥੇ ਦਾ ਕੀਤਾ ਸਨਮਾਨ
ਉਮੇਸ਼ ਅੱਤਰੀ, ਪੰਜਾਬੀ ਜਾਗਰਣ, ਗੁਰਦਾਸਪੁਰ : ਭਗਤੀ ਅੰਦੋਲਨ ਦੇ ਮਹਾਨ ਸੰਤ, ਸਮਾਜ ਸੁਧਾਰਕ ਅਤੇ ਪ੍ਰੇਮ, ਦਇਆ ਤੇ ਸਮਾਨਤਾ ਦਾ ਸੰਦੇਸ਼ ਦੇਣ ਵਾਲੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਦਾ 756ਵਾਂ ਜਨਮ ਉਤਸਵ ਸੰਤ ਨਾਮਦੇਵ ਸਭਾ ਰਜਿਸਟਰਡ ਗੁਰਦਾਸਪੁਰ ਵੱਲੋਂ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਥਾਨਕ ਨਬੀਪੁਰ ਕਾਲੋਨੀ ਸਥਿਤ ਨਾਮਦੇਵ ਭਵਨ ਵਿੱਚ ਵਿਸ਼ੇਸ਼ ਧਾਰਮਿਕ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਾਮਦੇਵ ਬਿਰਾਦਰੀ ਦੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਾਮਲ ਹੋ ਕੇ ਭਗਤ ਨਾਮਦੇਵ ਜੀ ਨੂੰ ਸ਼ਰਧਾਸੁਮਨ ਅਰਪਿਤ ਕੀਤੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।
ਸਮਾਰੋਹ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਚਰਨ ਬਾਵਾ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਨਾਲ ਹੋਈ। ਇਸ ਤੋਂ ਉਪਰੰਤ ਭਗਤ ਨਾਮਦੇਵ ਜੀ ਵੱਲੋਂ ਰਚਿਤ ਪਵਿੱਤਰ ਸ਼ਬਦਾਂ ਦਾ ਗਾਇਨ ਕੀਤਾ ਗਿਆ। ਕੀਰਤਨ ਰਾਹੀਂ ਸੰਗਤ ਨੂੰ ਗੁਰੂ ਭਗਤੀ ਅਤੇ ਆਧਿਆਤਮਿਕਤਾ ਨਾਲ ਜੁੜਨ ਦਾ ਮੌਕਾ ਮਿਲਿਆ। ਇਸ ਦੌਰਾਨ ਮਹਿਲਾ ਕੀਰਤਨੀ ਜੱਥੇ ਨੇ ਵੀ ਸ਼ਰਧਾਪੂਰਵਕ ਗੁਰਬਾਣੀ ਦਾ ਗਾਇਨ ਕੀਤਾ। ਸਭਾ ਵੱਲੋਂ ਮਹਿਲਾ ਕੀਰਤਨੀ ਜੱਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਗੁਰੂ ਦਾ ਅਟੁੱਟ ਲੰਗਰ ਵੀ ਵੰਡਿਆ ਗਿਆ। ਭਗਤ ਨਾਮਦੇਵ ਜੀ ਦੇ ਜੀਵਨ ਅਤੇ ਆਧਿਆਤਮਿਕ ਯੋਗਦਾਨ 'ਤੇ ਚਾਨਣਾ ਪਾਉਂਦਿਆਂ ਚਰਨ ਬਾਵਾ ਨੇ ਕਿਹਾ ਕਿ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਰਾਹੀਂ ਮਾਨਵਤਾ ਨੂੰ ਪ੍ਰੇਮ, ਦਇਆ, ਸਮਾਨਤਾ, ਆਪਸੀ ਭਾਈਚਾਰੇ ਅਤੇ ਪਰਮਾਤਮਾ ਦੀ ਭਗਤੀ ਦਾ ਮਾਰਗ ਦਿਖਾਇਆ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਨਾਮਦੇਵ ਜੀ ਦੇ 61 ਸ਼ਬਦ ਦਰਜ ਹਨ, ਜੋ ਉਨ੍ਹਾਂ ਦੀ ਮਹਾਨ ਆਧਿਆਤਮਿਕ ਵਿਚਾਰਧਾਰਾ ਅਤੇ ਭਗਤੀ ਭਾਵਨਾ ਦਾ ਪ੍ਰਮਾਣ ਹਨ। ਉਨ੍ਹਾਂ ਆਪਣੇ ਜੀਵਨਕਾਲ ਵਿੱਚ 72 ਵਾਰ ਵੱਖ-ਵੱਖ ਸਰੂਪਾਂ ਵਿੱਚ ਪਰਮਾਤਮਾ ਦੇ ਦਰਸ਼ਨ ਕਰਨ ਦੀ ਅਨੁਭੂਤੀ ਕੀਤੀ ਸੀ।
ਚਰਨ ਬਾਵਾ ਨੇ ਦੱਸਿਆ ਕਿ ਭਗਤ ਨਾਮਦੇਵ ਜੀ 80 ਵਰ੍ਹਿਆਂ ਦੀ ਉਮਰ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਘੁਮਾਣ ਵਿੱਚ ਜੋਤੀ-ਜੋਤ ਸਮਾਏ ਸਨ। ਉਨ੍ਹਾਂ ਦੀ ਪਾਵਨ ਸਿਮਰਤੀ ਨੂੰ ਸਮਰਪਿਤ ਦੇਹੁਰਾ ਸਾਹਿਬ ਅੱਜ ਵੀ ਉੱਥੇ ਸੁਸ਼ੋਭਿਤ ਹੈ।
ਇੱਥੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਕੇ ਨਤਮਸਤਕ ਹੁੰਦੇ ਹਨ ਅਤੇ ਸੰਤ ਨਾਮਦੇਵ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ। ਇਸ ਮੌਕੇ ਸੋਹਨ ਲਾਲ, ਸੁਰੇਂਦਰ ਪੱਪੂ, ਰਾਜੇਂਦਰ ਜੱਸਲ, ਸ਼ਾਮ ਲਾਲ, ਮਨਜੀਤ ਸਿੰਘ ਜੋਸ਼, ਅਮਰੀਕ ਸਿੰਘ ਜੋਸ਼, ਬਲਦੇਵ ਕ੍ਰਿਸ਼ਨ, ਗਗਨਦੀਪ ਸਿੰਘ, ਜਸਬੀਰ ਸਿੰਘ ਬਾਵਾ, ਡਾ. ਸੁਖਜਿੰਦਰ ਸਿੰਘ ਤੱਗੜ, ਨਰੇਂਦਰ ਕੁਮਾਰ, ਅਨਿਲ ਕੁਮਾਰ, ਮਦਨ ਲਾਲ, ਅਰਜਨ ਸਿੰਘ, ਸੋਨੀਆ, ਰਜਵੰਤ ਸਿੰਘ, ਸਤੀਸ਼ ਇੰਦੌਰੀਆ, ਅੰਕੁਸ਼ ਕੰਬੋਜ, ਲਾਜਪਤ ਰਾਏ ਕੰਬੋਜ, ਐਡਵੋਕੇਟ ਸਾਹਿਲ ਕੰਬੋਜ, ਵਿਪਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।