ਗਰਾਊਂਡਮੈਨਾਂ ਦੀਆਂ ਸੇਵਾਵਾਂ ਨੂੰ ਸਲਾਮ, ਪੀਸੀਏ ਵੱਲੋਂ ਵਿਸ਼ੇਸ਼ ਸਨਮਾਨ ਗਰਾਊਂਡਮੈਨਾਂ ਦੀਆਂ ਸੇਵਾਵਾਂ ਨੂੰ ਸਲਾਮ, ਪੀਸੀਏ ਵੱਲੋਂ ਵਿਸ਼ੇਸ਼ ਸਨਮਾਨ
Publish Date: Mon, 14 Sep 2026 06:07 PM (IST)
Updated Date: Mon, 14 Sep 2026 06:08 PM (IST)
---ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਦੀ ਸਫ਼ਲਤਾ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਗਰਾਊਂਡਮੈਨਾਂ ਨੂੰ ਦਿੱਤਾ 2.60 ਲੱਖ ਰੁਪਏ ਦਾ ਸਨਮਾਨ ਨਰੇਸ਼ ਕਾਲੀਆ, ਪੰਜਾਬੀ ਜਾਗਰਣ ਚੰਡੀਗੜ੍ਹ: ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਜਿੱਥੇ ਖਿਡਾਰੀਆਂ, ਕੋਚਾਂ, ਪ੍ਰਬੰਧਕਾਂ ਅਤੇ ਅਧਿਕਾਰੀਆਂ ਦੀ ਅਹਿਮ ਭੂਮਿਕਾ ਰਹੀ, ਉੱਥੇ ਗਰਾਊਂਡਮੈਨਾਂ ਵੱਲੋਂ ਕੀਤੀ ਗਈ ਦਿਨ-ਰਾਤ ਦੀ ਸਖ਼ਤ ਮਿਹਨਤ ਵੀ ਕਾਬਿਲ-ਏ-ਤਾਰੀਫ਼ ਰਹੀ। ਮੈਦਾਨ ਨੂੰ ਹਰ ਮੈਚ ਲਈ ਪੂਰੀ ਤਰ੍ਹਾਂ ਤਿਆਰ ਰੱਖਣ, ਪਿੱਚ ਅਤੇ ਆਊਟਫੀਲਡ ਦੀ ਸੰਭਾਲ ਕਰਨ ਅਤੇ ਮੌਸਮ ਸਮੇਤ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਆਪਣੀ ਡਿਊਟੀ ਨੂੰ ਬਾਖ਼ੂਬੀ ਨਿਭਾਉਣ ਵਾਲੇ ਗਰਾਊਂਡਮੈਨਾਂ ਦੀਆਂ ਸੇਵਾਵਾਂ ਨੂੰ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਗਰਾਊਂਡਮੈਨਾਂ ਨੇ ਮੈਦਾਨ ਦੀ ਸਾਂਭ-ਸੰਭਾਲ ਅਤੇ ਪਿੱਚ ਦੀ ਤਿਆਰੀ ਤੋਂ ਲੈ ਕੇ ਮੈਚਾਂ ਨੂੰ ਨਿਰਵਿਘਨ ਕਰਵਾਉਣ ਲਈ ਪਿੱਛੇ ਰਹਿ ਕੇ ਅਹਿਮ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੂੰ ਬਿਹਤਰ ਖੇਡਣ ਲਈ ਉੱਚ ਪੱਧਰੀ ਮੈਦਾਨ ਅਤੇ ਸੁਚੱਜੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕੀਆਂ। ਅਕਸਰ ਮੈਦਾਨ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਇਨ੍ਹਾਂ ਕਰਮਚਾਰੀਆਂ ਦੀ ਭੂਮਿਕਾ ਕਿਸੇ ਵੀ ਵੱਡੇ ਕ੍ਰਿਕੇਟ ਟੂਰਨਾਮੈਂਟ ਦੀ ਸਫ਼ਲਤਾ ਲਈ ਬੇਹੱਦ ਮਹੱਤਵਪੂਰਨ ਹੁੰਦੀ ਹੈ। ਗਰਾਊਂਡਮੈਨਾਂ ਦੀ ਇਸ ਸਮਰਪਿਤ ਸੇਵਾ ਨੂੰ ਮਾਨਤਾ ਦਿੰਦਿਆਂ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਲਈ 2 ਲੱਖ 60 ਹਜ਼ਾਰ ਰੁਪਏ ਦੀ ਵਿਸ਼ੇਸ਼ ਸਨਮਾਨ ਰਾਸ਼ੀ ਦਿੱਤੀ ਗਈ। ਇਹ ਰਾਸ਼ੀ ਗਰਾਊਂਡਮੈਨਾਂ ਵੱਲੋਂ ਟੂਰਨਾਮੈਂਟ ਦੌਰਾਨ ਨਿਭਾਈ ਗਈ ਸ਼ਾਨਦਾਰ ਡਿਊਟੀ ਅਤੇ ਮਿਹਨਤ ਦੇ ਸਨਮਾਨ ਵਜੋਂ ਪ੍ਰਦਾਨ ਕੀਤੀ ਗਈ। ਇਸ ਮੌਕੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਜੁਆਇੰਟ ਸਕੱਤਰ ਸਿਧਾਂਤ ਸ਼ਰਮਾ ਵੱਲੋਂ ਗਰਾਊਂਡਮੈਨਾਂ ਲਈ ਇਹ ਸਨਮਾਨ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ। ਗਰਾਊਂਡਮੈਨ ਰਾਕੇਸ਼ ਕੁਮਾਰ ਵੱਲੋਂ ਸਮੂਹ ਗਰਾਊਂਡਮੈਨਾਂ ਦੀ ਤਰਫ਼ੋਂ ਇਹ ਚੈੱਕ ਪ੍ਰਾਪਤ ਕੀਤਾ ਗਿਆ। ਇਸ ਮੌਕੇ ਗਰਾਊਂਡਮੈਨਾਂ ਨੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਦੇਣਾ ਉਨ੍ਹਾਂ ਲਈ ਮਾਣ ਅਤੇ ਹੌਸਲੇ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਨਮਾਨ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਹੋਰ ਲਗਨ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕਰੇਗਾ।