ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਵਾਲ਼ੀਆਂ ਝਪਟ ਕੇ ਫ਼ਰਾਰ ਹੋਏ ਲੁਟੇਰੇ ਬਜ਼ੁਰਗ ਔਰਤ ਦੇ ਕੰਨਾਂ ਵਿੱਚੋਂ ਵਾਲ਼ੀਆਂ ਝਪਟ ਕੇ ਫ਼ਰਾਰ ਹੋਏ ਲੁਟੇਰੇ, ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ
Publish Date: Sun, 30 Aug 2026 06:29 PM (IST)
Updated Date: Sun, 30 Aug 2026 06:31 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ: ਥਾਣਾ ਧਾਰੀਵਾਲ ਖੇਤਰ ਅਧੀਨ ਆਉਂਦੇ ਪਿੰਡ ਕੋਟ ਸੰਤੋਖ ਰਾਏ ਵਿੱਚ ਦਿਨ-ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਘਰ ਦੇ ਅੰਦਰ ਬੈਠੀ ਬਜ਼ੁਰਗ ਔਰਤ ਨਾਲ ਧੱਕਾ-ਮੁੱਕੀ ਕਰਦਿਆਂ ਮੂੰਹ ਬੰਨ੍ਹ ਕੇ ਆਏ ਇੱਕ ਅਣਪਛਾਤੇ ਨੌਜਵਾਨ ਨੇ ਉਸ ਦੇ ਦੋਵੇਂ ਕੰਨਾਂ ਦੀਆਂ ਵਾਲ਼ੀਆਂ ਝਪਟ ਲਈਆਂ ਤੇ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹੇ ਆਪਣੇ ਸਾਥੀ ਸਮੇਤ ਫ਼ਰਾਰ ਹੋ ਗਿਆ। ਘਟਨਾ ਸਮੇਂ ਬਜ਼ੁਰਗ ਔਰਤ ਘਰ ਵਿੱਚ ਇਕੱਲੀ ਸੀ। ਰੌਲਾ ਪਾਉਣ ਤੇ ਔਰਤ ਦੇ ਪੁੱਤਰ ਅਮਰੀਕ ਸਿੰਘ ਤੇ ਸਥਾਨਕ ਲੋਕਾਂ ਨੇ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਰਹੇ। ਇਹ ਪੂਰੀ ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ 112 ਨੰਬਰ ਤੇ ਦਿੱਤੇ ਜਾਣ ਮਗਰੋਂ ਥਾਣਾ ਧਾਰੀਵਾਲ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਘਟਨਾ-ਸਥਾਨ ਦਾ ਨਿਰੀਖਣ ਕੀਤਾ ਤੇ ਆਸ-ਪਾਸ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਪੀੜਤ ਬਜ਼ੁਰਗ ਔਰਤ ਦੇ ਪੁੱਤਰ ਅਮਰੀਕ ਸਿੰਘ ਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਿਨ-ਦਿਹਾੜੇ ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਤੇ ਇਨ੍ਹਾਂ ਝਪਟਮਾਰਾਂ ਨੂੰ ਜਿੰਨੀ ਜਲਦੀ ਹੋ ਸਕੇ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।