ਭਾਜਪਾ ਆਗੂ ਦੀ ਪਤਨੀ ਦਾ ਪਰਸ ਖੋਹ ਕੇ ਲੁਟੇਰੇ ਫਰਾਰ ਭਾਜਪਾ ਆਗੂ ਦੀ ਪਤਨੀ ਦਾ ਪਰਸ ਖੋਹ ਕੇ ਲੁਟੇਰੇ ਹੋਏ ਫਰਾਰ
Publish Date: Sat, 17 Oct 2026 05:10 PM (IST)
Updated Date: Sun, 18 Oct 2026 04:01 AM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਸ਼ੁੱਕਰਵਾਰ ਦੀ ਰਾਤ ਨੂੰ ਸੀਨੀਅਰ ਭਾਜਪਾ ਆਗੂ ਨਾਲ ਲੁੱਟ-ਖੋਹ ਦੀ ਘਟਨਾ ਵਾਪਰੀ ਹੈ। ਭਾਜਪਾ ਆਗੂ ਸਕੂਟਰ ’ਤੇ ਆਪਣੀ ਪਤਨੀ ਦੇ ਨਾਲ ਬਾਜ਼ਾਰ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਪਿੱਛੋਂ ਆਏ ਮੋਟਰਸਾਈਕਲ ਸਵਾਰਾਂ ਨੇ ਪਤਨੀ ਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਏ। ਸਕੂਟਰ ਦਾ ਸੰਤੁਲਨ ਵਿਗੜਨ ਕਾਰਨ ਉਹ ਸੜਕ ਤੇ ਡਿੱਗ ਕੇ ਜ਼ਖਮੀ ਹੋ ਗਏ। ਇਹ ਘਟਨਾ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ। ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਨੇਤਾ ਅਜੈ ਰਿਸ਼ੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਆਨੰਦ ਵਿਹਾਰ ਕਲੋਨੀ ਤੋਂ ਕਰੀਬ ਰਾਤ 8 ਵਜੇ ਘਰ ਵਾਪਸ ਆ ਰਹੇ ਸਨ ਕਿ ਬੈਂਕ ਕਲੋਨੀ ਨੇੜੇ ਦੋ ਅਣਪਛਾਤੇ ਬਾਈਕ ਸਵਾਰ ਪਿੱਛੋਂ ਆਏ ਤੇ ਉਨ੍ਹਾਂ ਦੀ ਪਤਨੀ ਦਾ ਪਰਸ ਖੋਹ ਕੇ ਭੱਜ ਗਏ। ਪਰਸ ’ਚ 50,000 ਰੁਪਏ ਤੇ ਹੋਰ ਜਰੂਰੀ ਕਾਗਜ਼ਾਤ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਜਾਣ-ਪਛਾਣ ਵਾਲੇ ਲੋਕਾਂ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਕੱਢ ਲਏ। ਹਥਿਆਰਾਂ ਨੂੰ ਦੇਖ ਪਿੱਛੇ ਗਏ ਵਿਅਕਤੀ ਘਬਰਾ ਕੇ ਵਾਪਸ ਆ ਗਏ। ਲੁਟੇਰਿਆਂ ਕੋਲ ਤਿੰਨ ਫੁੱਟ ਲੰਬਾ ਦਾਤਰ ਸੀ। ਅਜੇ ਰਿਸ਼ੀ ਨੇ ਕਿਹਾ ਕਿ ਬਟਾਲਾ ’ਚ ਮੂੰਹ ਢੱਕ ਕੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਪੁਲਿਸ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਆਸ ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।