- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਪੂਵਾਲ-ਧਾਰੀਵਾਲ ਹਾਈਵੇ 'ਤੇ ਸੜਕ ਹਾਦਸਾ, ਖੜ੍ਹੇ ਟਰਾਲੇ ਨਾਲ ਟਕਰਾਈ ਤੇਜ਼ ਰਫ਼ਤਾਰ ਗੱਡੀ, ਚਾਲਕ ਜ਼ਖ਼ਮੀ

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਜਾਪੂਵਾਲ-ਧਾਰੀਵਾਲ ਹਾਈਵੇ 'ਤੇ ਵੀਰਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਦੋ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਿਆ, ਜਦਕਿ ਇੱਕ ਵਾਹਨ ਦਾ ਚਾਲਕ ਜ਼ਖ਼ਮੀ ਹੋ ਗਿਆ। ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਕੰਢੇ ਖੜ੍ਹੇ ਟਰਾਲੇ ਨੂੰ ਪਿੱਛਿਓਂ ਆ ਰਹੀ ਤੇਜ਼ ਰਫ਼ਤਾਰ ਭਾਰੀ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਵਾਹਨਾਂ ਦੇ ਟਾਇਰ ਤੱਕ ਫਟ ਗਏ ਤੇ ਦੋਵਾਂ ਗੱਡੀਆਂ ਦੇ ਅਗਲੇ ਹਿੱਸੇ ਵੀ ਨੁਕਸਾਨੇ ਗਏ। ਮੌਕੇ 'ਤੇ ਮੌਜੂਦ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਮਾਲ ਲੱਦ ਕੇ ਆਏ ਸਨ। ਕੁਝ ਦੇਰ ਲਈ ਟਰਾਲਾ ਸੜਕ ਕੰਢੇ ਖੜ੍ਹਾ ਕਰਕੇ ਉਹ ਚਾਹ ਪੀਣ ਚਲੇ ਗਏ ਸਨ। ਚਾਹ ਪੀਣ ਤੋਂ ਬਾਅਦ ਉਹ ਵਾਪਸ ਆ ਕੇ ਗੱਡੀ ਰਵਾਨਾ ਕਰਨ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਪਿੱਛੇ ਤੋਂ ਆਈ ਇਕ ਭਾਰੀ ਗੱਡੀ ਨੇ ਉਨ੍ਹਾਂ ਦੇ ਟਰਾਲੇ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਟਰਾਲੇ ਤੇ ਦੂਜੀ ਗੱਡੀ ਨੂੰ ਕਾਫ਼ੀ ਨੁਕਸਾਨ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਰਾਹਤ ਕੰਮ ਸ਼ੁਰੂ ਕੀਤੇ। ਟੀਮ ਦੇ ਅਧਿਕਾਰੀਆਂ ਨੇ ਸ਼ੁਰੂਆਤੀ ਜਾਂਚ ’ਚ ਦੱਸਿਆ ਕਿ ਪਿੱਛੇ ਤੋਂ ਆ ਰਹੀ ਗੱਡੀ ਦੇ ਅਗਲੇ ਟਾਇਰ ਫਟ ਗਏ ਸਨ, ਜਿਸ ਕਾਰਨ ਚਾਲਕ ਵਾਹਨ 'ਤੇ ਕਾਬੂ ਗੁਆ ਬੈਠਾ ਅਤੇ ਗੱਡੀ ਸਿੱਧੀ ਖੜ੍ਹੇ ਟਰਾਲੇ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਲੋਕਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਜ਼ਖ਼ਮੀ ਚਾਲਕ ਨੂੰ ਵਾਹਨ ਵਿੱਚੋਂ ਬਾਹਰ ਕੱਢਿਆ। ਉਸ ਦੀ ਇੱਕ ਲੱਤ 'ਤੇ ਸੱਟ ਲੱਗੀ ਸੀ। ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।