
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੰਡ ਦਾ ਭਾਅ ਤੇਜ਼ ਹੋਣ ਕਾਰਨ ਚਾਹ ਦੀ ਚੁਸਕੀ ਗਰੀਬ ਦੀ ਪਹੁੰਚ ਤੋਂ ਬਾਹਰ

– ਖੰਡ ਤੋਂ ਤਿਆਰ ਹੋਣ ਵਾਲੇ ਮਖਾਣੇ, ਫੁੱਲੀਆਂ, ਮਿਸ਼ਰੀ ਤੇ ਮੁਰੱਬੇ ਹੋਏ ਮਹਿੰਗੇ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਭਾਰਤ ਵਿੱਚ ਪਿਛਲੇ ਸਮੇਂ ਯੂਪੀਏ ਸਰਕਾਰ ਦੌਰਾਨ ਜਿੱਥੇ ਖੰਡ ਦਾ ਭਾਅ 50 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਸੀ ਉੱਥੇ ਹੁਣ ਇੱਕ ਵਾਰ ਮੁੜ ਪੰਜਾਬ ਅਤੇ ਬਾਹਰੀ ਰਾਜਾਂ ਵਿੱਚ ਖੰਡ ਦਾ ਭਾਅ ਤੇਜ਼ ਹੋਣ ਕਾਰਨ ਚਾਹ ਦੀ ਚੁਸਕੀ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਖੰਡ ਤੋਂ ਤਿਆਰ ਹੋਣ ਵਾਲੇ ਪ੍ਰੋਡਕਟ ਜਿਵੇਂ ਪ੍ਰਸਾਦ ਲਈ ਬਣਾਈਆਂ ਜਾਣ ਵਾਲੀਆਂ ਮਿੱਠੀਆਂ ਫੁੱਲੀਆਂ, ਮਖਾਣੇ, ਮਿਸ਼ਰੀ ਅਤੇ ਮੁਰੱਬਿਆਂ ਆਦਿ ਪਦਾਰਥਾਂ ਦੇ ਰੇਟਾਂ ਵਿੱਚ ਵੀ ਚੋਖਾ ਵਾਧਾ ਹੋ ਗਿਆ ਹੈ। ਖੰਡ ਦੇ ਵਧੇ ਰੇਟਾਂ ਕਾਰਨ ਜਿੱਥੇ ਘਰੇਲੂ ਬਜਟ ਵਿਗੜ ਰਿਹਾ ਹੈ, ਉੱਥੇ ਕਰਿਆਨੇ ਦੀਆਂ ਦੁਕਾਨਾਂ ਚਲਾਉਣ ਵਾਲੇ ਮਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਜਨ ਕਰਿਆਨਾ ਸਟੋਰ ਦੇ ਮਾਲਕ ਗਿੰਨੀ ਮਹਾਜਨ, ਪਰਿੰਜਾ ਕਰਿਆਨਾ ਸਟੋਰ ਦੇ ਮਾਲਕ ਰਮਣ ਕੁਮਾਰ ਅਤੇ ਸਿਆਲ ਕਰਿਆਨਾ ਸਟੋਰ ਦੇ ਮਾਲਕ ਸਤੀਸ਼ ਕੁਮਾਰ ਸਿਆਲ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਖੰਡ ਦਾ ਭਾਅ ਪ੍ਰਤੀ ਕੁਇੰਟਲ 4,200 ਰੁਪਏ ਦੇ ਕਰੀਬ ਸੀ ਪਰ ਦਿਨੋਂ ਦਿਨ ਵਾਧਾ ਹੋਣ ਤੋਂ ਬਾਅਦ 15 ਅਗਸਤ ਤੋਂ ਬਾਅਦ ਰੋਜ਼ਾਨਾ ਖੰਡ ਦੇ ਰੇਟ ਵਿੱਚ ਵਾਧਾ ਹੋਣ ਕਾਰਨ ਬੁੱਧਵਾਰ ਨੂੰ ਖੰਡ ਦਾ ਭਾਅ 6,200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਲਾਰਜ, ਮੀਡੀਅਮ ਅਤੇ ਸਮਾਲ ਕਿਸਮ ਦੀ ਖੰਡ ਮਾਰਕੀਟ ਵਿੱਚ ਵਿਕਦੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਖੰਡ ਦਾ ਭਾਅ ਤੇਜ਼ ਹੁੰਦਿਆਂ ਹੀ 70 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਸ਼ੱਕਰ ਦਾ ਭਾਅ 95 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਖਾਣ ਵਾਲਾ ਗੁੜ ਜੋ 60 ਰੁਪਏ ਪ੍ਰਤੀ ਕਿਲੋ ਮਿਲਦਾ ਸੀ, ਹੁਣ 85 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜਦੋਂ ਕਿ ਖਾਂਡ ਦਾ ਗੁੜ ਪਹਿਲਾਂ 44 ਰੁਪਏ ਕਿਲੋ ਸੀ ਉਸ ਦਾ ਭਾਅ 62 ਰੁਪਏ ਕਿਲੋ ਹੋ ਗਿਆ ਹੈ।
ਗਿੰਨੀ ਮਹਾਜਨ ਨੇ ਦੱਸਿਆ ਕਿ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ ਵੰਡੇ ਜਾਣ ਵਾਲੇ ਫੁੱਲੀਆਂ ਦਾ ਪ੍ਰਸ਼ਾਦ ਜੋ ਪਹਿਲਾਂ 50 ਰੁਪਏ ਕਿਲੋ ਸੀ, ਹੁਣ 80 ਰੁਪਏ ਕਿਲੋ ਹੋ ਗਿਆ ਹੈ। 45 ਰੁਪਏ ਕਿਲੋ ਵਿਕਣ ਵਾਲੇ ਮਖਾਣੇ 72 ਰੁਪਏ ਕਿਲੋ ਹੋ ਗਏ ਹਨ, ਮਿਸ਼ਰੀ 70 ਰੁਪਏ ਤੋਂ 92 ਰੁਪਏ ਕਿਲੋ ਹੋ ਗਈ ਹੈ ਅਤੇ ਮੁਰੱਬਿਆਂ ਦਾ ਭਾਅ ਵੀ ਪ੍ਰਤੀ ਕਿਲੋ 20 ਤੋਂ 25 ਰੁਪਏ ਵੱਧ ਗਿਆ ਹੈ। ਉਨ੍ਹਾਂ ਦੱਸਿਆ ਕਿ ਖੰਡ ਦੇ ਭਾਅ ਤੇਜ਼ ਹੋਣ ਕਾਰਨ ਬਿਸਕੁਟ ਵੀ ਮਹਿੰਗੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਦੁਕਾਨਾਂ ’ਤੇ ਖੰਡ ਦੀ ਵਿਕਾਊ ਵੱਧ ਜਾਂਦੀ ਸੀ, ਪਰ ਇਸ ਵਾਰ ਖੰਡ ਦੇ ਰੇਟ ਤੇਜ਼ ਹੋਣ ਕਾਰਨ ਹਲਵਾਈਆਂ ਵੱਲੋਂ ਖੰਡ ਘੱਟ ਖਰੀਦੀ ਜਾ ਰਹੀ ਹੈ ਅਤੇ ਗਰੀਬ ਲੋਕਾਂ ਵੱਲੋਂ ਵੀ ਖੰਡ ਦੀ ਖਰੀਦ ਲਗਪਗ ਨਾ-ਮਾਤਰ ਕੀਤੀ ਜਾ ਰਹੀ ਹੈ। ਗਿੰਨੀ ਮਹਾਜਨ ਨੇ ਦੱਸਿਆ ਕਿ ਖੰਡ ਦੇ ਰੇਟ ਵਿੱਚ ਚੋਖਾ ਵਾਧਾ ਹੋਣ ਕਾਰਨ ਉਨ੍ਹਾਂ ਨੂੰ ਖੰਡ ਖਰੀਦਣ ਲਈ ਪਹਿਲਾਂ ਨਾਲੋਂ ਵੱਧ ਰਾਸ਼ੀ ਖਰਚ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਖੰਡ ਅਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਘਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।
ਖੰਡ ਦੇ ਵਧੇ ਰੇਟਾਂ ਸਬੰਧੀ ਮੈਡਮ ਸੀਨੂ ਦੁਗਲ (ਮਹਾਂ ਨਿਰਦੇਸ਼ਕ, ਸ਼ੂਗਰ ਫੈੱਡ, ਪੰਜਾਬ) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੰਡ ਦੇ ਰੇਟ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਵਧੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਮੀਨਾਂ ਵਿੱਚ ਗੰਨੇ ਦੀ ਕਾਸ਼ਤ ਲਈ ਰਕਬਾ ਵਧਾਉਣ, ਤਾਂ ਜੋ ਖੰਡ ਦੀ ਪੈਦਾਵਾਰ ਵੀ ਵਧ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਸਾਰੀ ਅਦਾਇਗੀ ਕਰ ਦਿੱਤੀ ਗਈ ਹੈ, ਅਤੇ ਕਿਸਾਨ ਝੋਨੇ-ਕਣਕ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਗੰਨੇ ਦੀ ਕਾਸ਼ਤ ਕਰਕੇ ਪਾਣੀ ਦੀ ਬੱਚਤ ਦੇ ਨਾਲ-ਨਾਲ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦੇ ਹਨ।