- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਆੜਕੀ ਸਕੂਲ ਦੀ ਵਿਦਿਆਰਥਣ ਨੇ ਰਾਜ ਪੱਧਰੀ ਜਿਮਨਾਸਟਿਕ ਮੁਕਾਬਲਿਆਂ ’ਚ 1 ਸੋਨੇ ਅਤੇ 3 ਕਾਂਸੇ ਤਗਮੇ ਜਿੱਤੇ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ : ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਦਮਨਦੀਪ ਕੌਰ, ਜਿਸ ਨੇ 70ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਸੈਸ਼ਨ 2026-27) ਦੇ ਅੰਡਰ 19 ਲੜਕੀਆਂ ਜਿਮਨਾਸਟਿਕ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਆਈਆਂ ਖਿਡਾਰਨਾਂ ਨੂੰ ਸਖ਼ਤ ਟੱਕਰ ਦਿੰਦਿਆਂ ਇੱਕ ਸੋਨ ਤਗਮਾ ਅਤੇ ਤਿੰਨ ਕਾਂਸੀ ਤਗਮੇ ਆਪਣੇ ਨਾਮ ਕੀਤੇ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਡੀਟੀਸੀ ਅਤੇ ਸਪੋਰਟਸ ਕਮੇਟੀ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਜਿੱਤਣ ਉਪਰੰਤ ਸਕੂਲ ਪਹੁੰਚਣ ’ਤੇ ਵਿਦਿਆਰਥਣ ਦਮਨਦੀਪ ਕੌਰ ਤੇ ਉਸ ਦੇ ਪਿਤਾ ਬਲਜੀਤ ਸਿੰਘ ਭਰਥ ਦਾ ਸਕੂਲ ਪਰਿਵਾਰ ਵੱਲੋਂ ਨਿੱਘਾ ਸਵਾਗਤ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਸੰਚਾਲਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਇਹ ਜਿੱਤ ਇਸ ਬੱਚੀ ਦੀ ਅਣਥੱਕ ਮਿਹਨਤ ਦਾ ਫਲ ਹੈ ਅਤੇ ਸਾਨੂੰ ਪੂਰੀ ਆਸ ਹੈ ਕਿ ਉਹ ਜਲਦ ਹੀ ਰਾਸ਼ਟਰੀ ਪੱਧਰ ’ਤੇ ਵੀ ਆਪਣੇ ਪਿੰਡ, ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕਰੇਗੀ। ਸੰਸਥਾ ਦੀ ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਕਿਹਾ ਕਿ ਬਦਲਦੇ ਸਮੇਂ ਵਿੱਚ ਵਿਦਿਆਰਥੀਆਂ ਦੀ ਖੇਡਾਂ ਵਿੱਚ ਰੁਚੀ ਹੋਣੀ ਬੇਹੱਦ ਜ਼ਰੂਰੀ ਹੈ। ਸਕੂਲ ਦੇ ਖੇਡ ਵਿਭਾਗ ਦੇ ਮੁੱਖੀ ਡੀਪੀ ਜਤਿੰਦਰ ਕੁਮਾਰ ਨੇ ਕਿਹਾ ਦਮਨਦੀਪ ਦੀ ਇਹ ਪ੍ਰਾਪਤੀ ਉਨ੍ਹਾਂ ਸਾਰੇ ਮਾਪਿਆਂ ਲਈ ਇੱਕ ਸੁਨੇਹਾ ਹੈ ਜੋ ਆਪਣੀਆਂ ਧੀਆਂ ਦੇ ਸੁਪਨਿਆਂ ਨੂੰ ਖੰਭ ਦੇਣਾ ਚਾਹੁੰਦੇ ਹਨ।