- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਬੰਦੀਆਂ ਬੇਅਸਰ, ਸਰਹੱਦੀ ਖੇਤਰ ’ਚ ਪਰਾਲੀ ਸਾੜਨ ਦਾ ਕਹਿਰ ਜਾਰੀ

ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ, ਦੋਰਾਂਗਲਾ : ਜ਼ਿਲ੍ਹੇ ’ਚ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪਰਾਲੀ ਸਾੜਨ ਦੀ ਸਮੱਸਿਆ ਇਕ ਵਾਰ ਫਿਰ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸਰਕਾਰ ਪ੍ਰਸ਼ਾਸਨ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਪਰਾਲੀ ਸਾੜਨ ’ਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਹਲਕਾ ਦੀਨਾਨਗਰ ਦੇ ਸਰਹੱਦੀ ਖੇਤਰ ਦੇ ਕਈ ਹਿੱਸਿਆਂ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਲਈ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਹੁੰਦਾ ਹੈ। ਇਸ ਕਾਰਨ ਕਈ ਕਿਸਾਨ ਪਰਾਲੀ ਦੇ ਨਿਪਟਾਰੇ ਲਈ ਸੌਖਾ ਰਸਤਾ ਅਪਣਾਉਂਦਿਆਂ ਖੇਤਾਂ ’ਚ ਹੀ ਅੱਗ ਲਗਾ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੈਪੀ ਸੀਡਰ, ਸੁਪਰ ਸੀਡਰ ਅਤੇ ਬੇਲਰ ਵਰਗੀਆਂ ਆਧੁਨਿਕ ਮਸ਼ੀਨਾਂ ਦੀ ਉਪਲਬਧਤਾ ਅਤੇ ਪਰਾਲੀ ਦੇ ਪ੍ਰਬੰਧਨ ਲਈ ਆਉਣ ਵਾਲਾ ਖ਼ਰਚਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਪਰਾਲੀ ਨੂੰ ਖੇਤ ’ਚ ਹੀ ਵਾਹੁਣ ਜਾਂ ਇਸ ਦੀਆਂ ਗੱਠਾਂ ਬਣਾਉਣ ’ਤੇ ਪ੍ਰਤੀ ਏਕੜ ਲਗਭਗ 2,000 ਤੋਂ 3,000 ਰੁਪਏ ਤੱਕ ਦਾ ਖ਼ਰਚਾ ਆਉਣ ਦੀ ਗੱਲ ਵੀ ਸਾਹਮਣੇ ਆਉਂਦੀ ਹੈ, ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਆਰਥਿਕ ਬੋਝ ਬਣ ਸਕਦਾ ਹੈ।