- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੀ ਦੇ ਮੌਸਮ ਦੌਰਾਨ ਸਾਹ ਦੇ ਰੋਗੀਆਂ ਰੱਖਣ ਆਪਣਾ ਵਿਸ਼ੇਸ਼ ਧਿਆਨ: ਡਾਕਟਰ ਪੰਨੂ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪਿਛਲੇ ਦਿਨਾਂ ਤੋਂ ਪੈ ਰਹੀ ਠੰਢ ’ਚ ਆ ਰਹੀ ਤਬਦੀਲੀ ਕਾਰਨ ਗਲੇ ਤੇ ਛਾਤੀ ਦੇ ਰੋਗਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਠੰਢ ’ਚ ਸਾਹ ਦੇ ਰੋਗੀਆਂ ਤੋਂ ਇਲਾਵਾ ਬਜ਼ੁਰਗਾਂ ਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਕਲਾਨੌਰ ਵਿਖੇ ਛਾਤੀ ਰੋਗਾਂ ਦੇ ਮਾਹਿਰ ਡਾ. ਐੱਸਪੀ ਪੰਨੂ ਨੇ ਛਾਤੀ ਰੋਗਾਂ ਦੇ ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਕੀਤਾ। ਤਬਦੀਲ ਹੋ ਰਹੇ ਠੰਢ ਦੇ ਮੌਸਮ ’ਚ ਵਾਇਰਲ ਬੁਖਾਰ ਤੋਂ ਇਲਾਵਾ ਗਲੇ ਅਤੇ ਛਾਤੀ ਦੇ ਰੋਗਾਂ ਵਿੱਚ ਵਾਧਾ ਸ਼ੁਰੂ ਹੋ ਜਾਂਦਾ ਹੈ। ਠੰਢ ਦੌਰਾਨ ਖਾਣ-ਪੀਣ ਵਿੱਚ ਅਣਗਹਿਲੀ ਵਰਤਣ ਕਾਰਨ ਗਲਾ ਖਰਾਬ ਅਤੇ ਖੰਘ ਦੇ ਮਰੀਜ਼ਾਂ ਵਿੱਚ ਵਾਧਾ ਹੋ ਜਾਂਦਾ ਹੈ। ਇਸ ਠੰਢ ਨਾਲ ਗਲਾ ਪੱਕਣਾ, ਫੇਫੜਿਆਂ ਵਿੱਚ ਬਲਗਮ, ਉੱਥੂ ਲੱਗਣਾ, ਵਾਰ-ਵਾਰ ਖੰਘ ਆਉਣਾ, ਸਾਹ ਚੜ੍ਹਨਾ ਆਦਿ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਡਾ. ਪੰਨੂ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਖੁਦ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਵੇਖਣ ’ਚ ਆਇਆ ਹੈ ਕਿ ਮੌਸਮ ਤਬਦੀਲ ਹੁੰਦਿਆਂ ਹੀ ਦੁਪਹਿਰ ਵੇਲੇ ਤਾਪਮਾਨ ਵਧਣ ਕਾਰਨ ਗਰਮੀ ਲੱਗਦੀ ਹੈ। ਇਸ ਲਈ ਸਾਨੂੰ ਠੰਢ ਤੋਂ ਸੁਚੇਤ ਹੋਣ ਦੀ ਲੋੜ ਹੈ।