ਜ਼ਰੂਰੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਪਿੰਡ ਕਿਲਾ ਲਾਲ ਸਿੰਘ ਵਾਸੀ ਜ਼ਰੂਰੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਪਿੰਡ ਕਿਲਾ ਲਾਲ ਸਿੰਘ ਵਾਸੀ।
Publish Date: Sat, 26 Sep 2026 06:26 PM (IST)
Updated Date: Sun, 27 Sep 2026 04:04 AM (IST)
ਜਲਦ ਹੀ ਪਿੰਡ ਕਿਲਾ ਲਾਲ ਸਿੰਘ ਦੀਆਂ ਕਮੀਆਂ ਨੂੰ ਪੂਰੀਆਂ ਕਰਕੇ ਪਿੰਡ ਵਾਸੀਆਂ ਨੂੰ ਮੁਸ਼ਕਿਲਾਂ ਤੋਂ ਦਿਵਾਈ ਜਾਵੇਗੀ ਰਾਹਤ : ਹਲਕਾ ਇੰਚਾਰਜ ਜੋਬਨ ਰੰਧਾਵਾ। ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ, ਕਿਲਾ ਲਾਲ ਸਿੰਘ : ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਅਤੇ ਬਟਾਲਾ- ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਅਪਰਬਾਰੀ ਦੋਆਬ ਨਹਿਰ ਦੇ ਕੰਢੇ ਵੱਸਿਆ ਪਿੰਡ ਕਿਲਾ ਲਾਲ ਸਿੰਘ ਜਿਸਦੀ ਆਬਾਦੀ ਪੰਜ ਹਜਾਰ ਦੇ ਕਰੀਬ ਹੈ। ਹਲਕੇ ਦਾ ਵੱਡਾ ਪਿੰਡ ਹੋਣ ਦੇ ਬਾਵਜੂਦ ਵੀ ਇਹ ਪਿੰਡ ਜਰੂਰੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਪਰ ਨਜ਼ਦੀਕੀ ਅਨੇਕਾਂ ਪਿੰਡਾਂ ਨੂੰ ਆਪਸ ’ਚ ਜੋੜਣ ਲਈ ਬਸ ਅੱਡਾ ਕਿਲਾ ਲਾਲ ਸਿੰਘ ਇਕ ਮੁੱਖ ਸਾਧਨ ਹੈ। ਨਜ਼ਦੀਕੀ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਬਟਾਲਾ ਜਾਂ ਕਿਸੇ ਹੋਰ ਥਾਂ ’ਤੇ ਜਾਣ ਲਈ ਬਸ ਅੱਡੇ ਕਿਲਾ ਲਾਲ ਸਿੰਘ ਵਿਖੇ ਹੀ ਆ ਕੇ ਫੜਣੀ ਪੈਂਦੀ ਹੈ ਪਰ ਇਥੇ ਪੱਕਾ ਬਸ ਸਟੈਂਡ ਨਾਂ ਹੋਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬੱਸਾਂ ਇਥੇ ਸੜਕ ਕਿਨਾਰੇ ਹੀ ਖੜੀਆਂ ਹੁੰਦੀਆਂ ਹਨ। ਬਟਾਲਾ ਤੋਂ ਕਲਾਨੌਰ, ਧਿਆਨਪੁਰ, ਡੇਰਾ ਬਾਬਾ ਨਾਨਕ, ਸ਼ਿਕਾਰ ਮਾਛੀਆਂ ਆਦਿ ਜਾਣ ਲਈ ਹਰ ਇਕ ਬਸ ਨੂੰ ਕਿਲਾ ਲਾਲ ਸਿੰਘ ਤੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਬਸ ਅੱਡੇ ’ਤੇ ਕੋਈ ਵੀ ਸ਼ੈੱਡ ਨਾ ਹੋਣ ਕਰਕੇ ਸਵਾਰੀਆਂ ਨੂੰ ਧੁੱਪ ਤੇ ਬਾਰਿਸ਼ ਵਿੱਚ ਵੀ ਸੜਕ ’ਤੇ ਖੁੱਲ੍ਹੇ ਅਸਮਾਨ ਥੱਲੇ ਹੀ ਖੜੋਣਾ ਪੈਂਦਾ ਹੈ। ਹੋਰ ਤਾਂ ਹੋਰ ਇਥੇ ਸਵਾਰੀਆਂ ਲਈ ਸ਼ੌਚਾਲਿਆ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਨਾਲ ਖਾਸਕਰ ਔਰਤਾਂ ਅਤੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਪੇਸ਼ ਆਉਂਦੀ ਹੈ। ਕਸਬੇ ਦੇ ਬਿਲਕੁਲ ਨਜਦੀਕ ਤੋਂ ਕੋਟ ਕਰਮਚੰਦ ਰਜਵਾਹਾ ਲੰਘਦਾ ਹੈ, ਜੋ ਪਿੰਡ ਦੇ ਨਿਕਾਸੀ ਨਾਲੇ ਦਾ ਵੀ ਕੰਮ ਕਰਦਾ ਹੈ, ਪਰ ਇਸਦੀ ਸਹੀ ਢੰਗ ਨਾਲ ਸਫਾਈ ਨਾਂ ਹੋਣ ਕਰਕੇ ਇਹ ਹਰ ਵੇਲੇ ਗੰਦਗੀ ਨਾਲ ਭਰਿਆ ਰਹਿੰਦਾ ਹੈ, ਜਿਸ ਨਾਲ ਇਥੇ ਮੱਖੀ ਮੱਛਰਾਂ ਦੀ ਭਰਮਾਰ ਹੈ। ਇਥੇ ਹੀ ਬੱਸ ਨਹੀਂ, ਪਿੰਡ ’ਚ ਨਾ ਤਾਂ ਹਸਪਤਾਲ, ਨਾ ਪਸ਼ੂ ਹਸਪਤਾਲ, ਨਾ ਕੋਈ ਕਾਲਜ ਹੈ। ਇਥੇ ਸਿਰਫ ਅੱਠਵੀਂ ਕਲਾਸ ਤੱਕ ਹੀ ਸਕੂਲ ਹੈ। ਅੱਗੇ ਦੀ ਪੜ੍ਹਾਈ ਲਈ ਬੱਚਿਆਂ ਨੂੰ ਬਟਾਲਾ ਜਾਂ ਹੋਰ ਦੂਸਰੇ ਪਿੰਡਾਂ ’ਚ ਜਾਣਾ ਪੈਂਦਾ ਹੈ। ਪਿੰਡ ਦੀ ਆਬਾਦੀ ਪੰਜ ਹਜ਼ਾਰ ਹੋਣ ਦੇ ਬਾਵਜੂਦ ਵੀ ਅਜੇ ਤਕ ਪਾਣੀ ਵਾਲੀ ਟੈਂਕੀ ਪਿੰਡ ਨੂੰ ਨਸੀਬ ਨਾ ਹੋਣ ਨਾਲ ਪਿੰਡ ਵਾਸੀ ਹੈਂਡਪੰਪਾਂ ਦਾ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ ਹਨ। ਪਿੰਡ ਚ ਕੋਈ ਵੀ ਖੇਡ ਮੈਦਾਨ ਨਾਂ ਹੋਣ ਕਾਰਣ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਣ ਚ ਭਾਰੀ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪੈ ਰਿਹਾ ਹੈ। ਖੇਡਾਂ ਤੋਂ ਬਗੈਰ ਹੀ ਬੱਚਿਆਂ ਦਾ ਬਚਪਨ ਗੁਜਰ ਰਿਹਾ ਹੈ। ਜਿਸਦਾ ਉਨਾਂ ਦੀ ਸੇਹਤ ਤੇ ਵੀ ਅਸਰ ਪੈ ਰਿਹਾ ਹੈ। ਪਿੰਡ ਦੀਆਂ ਕਈ ਗਲੀਆਂ ਦੀ ਹਾਲਤ ਵੀ ਕਾਫੀ ਖਸਤਾ ਹੈ ਅਤੇ ਕਈ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਪਿੰਡ ਵਿੱਚ ਸਟ੍ਰੀਟ ਲਾਈਟਾਂ ਦਾ ਵੀ ਪ੍ਰਬੰਧ ਨਹੀਂ ਹੈ। ਰਾਤ ਨੂੰ ਪਿੰਡ ਹਨੇਰੇ ਵਿੱਚ ਹੀ ਡੁੱਬਾ ਰਹਿੰਦਾ ਹੈ। ਕੁੱਲ ਮਿਲਾ ਕੇ ਪਿੰਡ ਜਰੂਰੀ ਬੁਨਿਆਦੀ ਸੁਵਿਧਾਵਾਂ ਨੂੰ ਤਰਸ ਰਿਹਾ ਹੈ। ਕੀ ਕਹਿੰਦੇ ਹਨ ਹਲਕਾ ਇੰਚਾਰਜ?: ਇਸ ਸਬੰਧੀ ਜਦ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਚੇਅਰਮੈਨ ਜੋਬਨ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਕਿਲ੍ਹਾ ਲਾਲ ਸਿੰਘ ਦੀਆਂ ਗਲੀਆਂ ਦਾ ਕੰਮ 2-4 ਦਿਨ ਵਿਚ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਰਹਿੰਦੇ ਕੰਮ ਵੀ ਬਹੁਤ ਜਲਦ ਸ਼ੁਰੂ ਕਰਵਾ ਕੇ ਪਿੰਡ ਵਾਸੀਆਂ ਨੂੰ ਪਰੇਸ਼ਾਨੀਆਂ ਤੋਂ ਰਾਹਤ ਦਿਵਾਈ ਜਾਵੇਗੀ।