- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਛੇ ਮਹੀਨੇ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਕਿਲਾ ਲਾਲ ਸਿੰਘ ਵਾਸੀ

ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ, ਕਿਲਾ ਲਾਲ ਸਿੰਘ : ਦੇਸ਼ ਨੂੰ ਆਜ਼ਾਦ ਹੋਇਆ 8 ਦਹਾਕੇ ਬੀਤ ਚੁੱਕੇ ਹਨ ਅਤੇ ਹੁਣ ਤੱਕ ਆਈਆਂ ਸਰਕਾਰਾਂ ਨੇ ਅਰਬਾਂ ਖਰਬਾਂ ਰੁਪਏ ਪਿੰਡਾਂ ਦੀਆਂ ਗਲੀਆਂ ਨਾਲੀਆਂ ’ਤੇ ਖਰਚ ਕੀਤੇ ਹੋਣਗੇ, ਪਰ ਜੇਕਰ ਅੱਜ ਵੀ ਕਈ ਪਿੰਡਾਂ ਵਿੱਚ ਵੇਖੀਏ ਤਾਂ ਗਲੀਆਂ ਨਾਲੀਆਂ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ ਅਤੇ ਲੋਕ ਪਾਣੀ ਵਿੱਚੋਂ ਹੀ ਲੰਘਣ ਨੂੰ ਮਜਬੂਰ ਹਨ। ਇਸੇ ਤਰ੍ਹਾਂ ਦੀ ਹੀ ਉੱਦਾਹਰਣ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਕਿਲਾ ਲਾਲ ਸਿੰਘ ਵਿਖੇ ਦੇਖਣ ਨੂੰ ਮਿਲ ਰਹੀ ਹੈ, ਜਿਥੇ ਪਿੰਡ ਵਾਸੀ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹਨ। ਪਿੰਡ ਦੀ ਮੁੱਖ ਗਲੀ ਜੋ ਕਿ ਕਈ ਗਲੀਆਂ ਨੂੰ ਆਪਸ ਵਿੱਚ ਜੋੜਨ ਦਾ ਮੁੱਖ ਕੰਮ ਕਰਦੀ ਹੈ ਅਤੇ ਗੁਰਦੁਆਰਾ ਸਾਹਿਬ ਜਾਣ ਲਈ ਵੀ ਇਹੀ ਇੱਕ ਮੁੱਖ ਗਲੀ ਹੈ, ਪਿਛਲੇ ਕਰੀਬ ਛੇ ਮਹੀਨਿਆਂ ਤੋਂ ਆਪਣੇ ਹਾਲਾਤ ’ਤੇ ਹੰਝੂ ਵਹਾਅ ਰਹੀ ਹੈ ਪਰ ਅਜੇ ਤੱਕ ਇਸ ਦੀ ਕੋਈ ਸੁਣਵਾਈ ਨਹੀਂ ਹੋ ਸਕੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼, ਸਾਬਕਾ ਸਰਪੰਚ ਹਰਜਿੰਦਰ ਸਿੰਘ ਪਟਵਾਰੀ, ਪ੍ਰਗਟ ਸਿੰਘ, ਡਾਕਟਰ ਗਗਨਦੀਪ ਸਿੰਘ, ਮਨਪ੍ਰੀਤ ਸਿੰਘ (ਨੰਬਰਦਾਰ), ਲਵਲੀ ਰੰਧਾਵਾ, ਪਵਿੱਤਰ ਰੰਧਾਵਾ, ਪ੍ਰਧਾਨ ਨਿਰਮਲ ਸਿੰਘ ਪੱਡਾ, ਪਰਗਟ ਸਿੰਘ ਗਿੱਲ, ਡਾਕਟਰ ਸੁਖਦੇਵ ਸਿੰਘ ਬਿੱਕਾ, ਡਾਕਟਰ ਹਰਦੇਵ ਸਿੰਘ, ਗਗਨਦੀਪ ਸਿੰਘ ਗਿੱਲ, ਸੂਬੇਦਾਰ ਮਲਵਿੰਦਰ ਸਿੰਘ, ਸਾਬਕਾ ਪੰਚ ਹਰਵਿੰਦਰ ਸਿੰਘ, ਦੀਪ ਨੰਬਰਦਾਰ, ਅਤਵਿੰਦਰ ਸਿੰਘ, ਮਾਸਟਰ ਸਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਦੇ ਪੁੱਤਰ ਡਾਕਟਰ ਗੁਰਦਿੱਤ ਸਿੰਘ ਵੱਲੋਂ ਕਰੀਬ ਛੇ ਮਹੀਨੇ ਪਹਿਲਾਂ ਪਿੰਡ ਦੀ ਮੁੱਖ ਗਲੀ ਜੋ ਕਿ ਸੈਂਕੜੇ ਘਰਾਂ ਵੱਲ ਨੂੰ ਜਾਂਦੀ ਹੈ ਅਤੇ ਨਾਲ ਹੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਵੱਲ ਜਾਂਦੀ ਹੈ ਅਤੇ ਸਭ ਤੋਂ ਮੁੱਖ ਗੱਲ ਇਸ ਮੇਨ ਗਲੀ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਿੱਥੇ ਪਿੰਡ ਦੀ ਸੰਗਤ ਸਵੇਰੇ ਸ਼ਾਮ ਗੁਰੂ ਘਰ ਵਿੱਚ ਨਤਮਸਤਕ ਹੋਣ ਲਈ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਪਿੰਡ ਦੇ ਸਰਪੰਚ ਦੇ ਪੁੱਤਰ ਡਾਕਟਰ ਗੁਰਦਿੱਤ ਸਿੰਘ ਵੱਲੋਂ ਪਿੰਡ ਵਿੱਚ ਸੀਵਰੇਜ ਪਾਉਣ ਲਈ ਇਸ ਗਲੀ ਦੀ ਪੁਟਾਈ ਕੀਤੀ ਗਈ ਸੀ, ਪਰ ਸੀਵਰੇਜ ਪਾਉਣ ਤੋਂ ਬਾਅਦ ਇਸ ਗਲੀ ਦੀ ਰਿਪੇਅਰ ਤੱਕ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਜਦ ਵੀ ਥੋੜੀ ਜਿਹੀ ਬਰਸਾਤ ਹੁੰਦੀ ਹੈ ਤਾਂ ਇਸ ਗਲੀ ਵਿੱਚ ਇਨਾ ਚਿੱਕੜ ਹੋ ਜਾਂਦਾ ਹੈ ਕਿ ਇਸ ਵਿੱਚੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਕੂਲ ਜਾਣ ਵਾਲੇ ਬੱਚੇ ਗਲੀ ਚ ਵੱਡੇ ਪੱਧਰ ਤੇ ਚਿੱਕੜ ਹੋਣ ਦੀ ਵਜ੍ਹਾ ਨਾਲ ਸਕੂਲ ਤੱਕ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਜਦ ਇਸ ਗਲੀ ਦੀ ਰਿਪੇਅਰ ਉਹ ਨਹੀਂ ਕਰਾ ਸਕਦੇ ਸਨ ਤਾਂ ਉਹਨਾਂ ਨੂੰ ਗਲੀ ਦੀ ਪੁਟਾਈ ਨਹੀਂ ਸੀ ਕਰਨੀ ਚਾਹੀਦੀ। ਹੁਣ ਲੰਬਾ ਸਮਾਂ ਬੀਤਣ ਤੱਕ ਅਜੇ ਤੱਕ ਵੀ ਉਹਨਾਂ ਦੀ ਇਸ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਗਿਆ।
ਬਾਕਸ......ਕੀ ਕਹਿੰਦੇ ਹਨ ਡਾਕਟਰ ਗੁਰਦਿੱਤ ਸਿੰਘ?:
ਇਸ ਸੰਬੰਧੀ ਜਦ ਕਿਲਾ ਲਾਲ ਸਿੰਘ ਦੇ ਸਰਪੰਚ ਜਸਬੀਰ ਕੌਰ ਦੇ ਪੁੱਤਰ ਡਾਕਟਰ ਗੁਰਦਿੱਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਦੀ ਹਲਕਾ ਇੰਚਾਰਜ ਜੋਬਨ ਸਿੰਘ ਰੰਧਾਵਾ ਅਤੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਬਹੁਤ ਜਲਦ ਇਸ ਗਲੀ ਨੂੰ ਬਣਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਮੰਡੀ ਬੋਰਡ ਵੱਲੋਂ ਇਸ ਗਲੀ ਵਿਚ ਵੇਟ ਮਿਕਸ ਦੀ ਇਕ ਲੇਅਰ ਪਾ ਦਿੱਤੀ ਗਈ ਹੈ ਤੇ ਕਰੀਬ ਇਕ ਹਫਤੇ ਤਕ ਗਲੀ ਪੂਰੀ ਤਰ੍ਹਾਂ ਬਣਵਾ ਦਿੱਤੀ ਜਾਵੇਗੀ।