
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹੇ ਵਿੱਚ ਧੱਫੜੀ ਰੋਗ ਦੀ ਦਸਤਕ, ਪਸ਼ੂ ਪਾਲਣ ਵਿਭਾਗ ਪੱਬਾਂ ਭਾਰ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਿੱਥੇ ਗਾਵਾਂ ਨੂੰ ਧੱਫੜੀ ਰੋਗ ਦੇ ਦਸਤਕ ਦੇਣ ਦੀ ਖ਼ਬਰ ਹੈ, ਉੱਥੇ ਪਸ਼ੂ ਪਾਲਣ ਵਿਭਾਗ ਵੱਲੋਂ ਲੰਪੀ ਸਕਿਨ ਡਿਜ਼ੀਜ਼ ਦੀ ਰੋਕਥਾਮ ਲਈ ਬੁੱਧਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਮੁੱਚੇ ਬਲਾਕਾਂ ਵਿੱਚ 157900 ਗਾਵਾਂ ਨੂੰ ਵੈਕਸੀਨ ਲਗਾਈ ਜਾਵੇਗੀ।
ਇੱਥੇ ਦੱਸਣਯੋਗ ਹੈ ਕਿ ਅਗਸਤ 2022 ਵਿੱਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਲੰਪੀ ਸਕਿਨ ਡਿਜ਼ੀਜ਼ ਦਾ ਪ੍ਰਕੋਪ ਵੱਧ ਹੋਣ ਕਾਰਨ ਵੱਡੇ ਪੱਧਰ 'ਤੇ ਗਾਵਾਂ ਦੀ ਮੌਤ ਹੋਈ ਸੀ। ਉਸ ਸਮੇਂ ਪਸ਼ੂ ਪਾਲਣ ਵਿਭਾਗ ਵੱਲੋਂ ਕਰੀਬ 5 ਹਜ਼ਾਰ ਪੀੜਤ ਗਾਵਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਠੀਕ ਕੀਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਹਰ ਸਾਲ ਜ਼ਿਲ੍ਹੇ ਵਿੱਚ ਗਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਾਰ ਫਰਵਰੀ ਮਹੀਨੇ ਵਿੱਚ ਵੈਕਸੀਨ ਲਗਾਉਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਮੁੜ 19 ਅਗਸਤ ਤੋਂ ਜ਼ਿਲ੍ਹੇ ਭਰ ਵਿੱਚ ਲੰਪੀ ਸਕਿਨ ਡਿਜ਼ੀਜ਼ ਦੇ ਖਾਤਮੇ ਲਈ ਗਾਵਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਬਲਾਕ ਕਲਾਨੌਰ ਵਿੱਚ ਦੋ ਗਾਵਾਂ ਤੋਂ ਇਲਾਵਾ ਕਰੀਬ 5 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਫਰਵਰੀ ਵਿੱਚ ਵੈਕਸੀਨ ਲਗਾਉਣ ਤੋਂ ਬਾਅਦ ਹੁਣ ਦੂਜੀ ਵਾਰ 157900 ਗਾਵਾਂ ਨੂੰ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਮੁੱਚੇ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਵੈਕਸੀਨ ਭੇਜ ਦਿੱਤੀ ਗਈ ਹੈ ਅਤੇ 60 ਟੀਮਾਂ ਵੱਲੋਂ 6 ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ ਸਮੇਤ ਸਾਰੀਆਂ ਗਾਵਾਂ ਨੂੰ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੰਪੀ ਸਕਿਨ ਡਿਜ਼ੀਜ਼ ਨਾਲ ਪੀੜਤ ਗਾਵਾਂ ਦੀ ਚਮੜੀ 'ਤੇ ਧੱਫੜ, ਗਿਲਟੀਆਂ ਅਤੇ ਪੈਰਾਂ ਵਿੱਚ ਜ਼ਖ਼ਮ ਹੋ ਜਾਂਦੇ ਹਨ, ਗਾਵਾਂ ਚਾਰਾ ਨਹੀਂ ਖਾਂਦੀਆਂ ਤੇ ਦੁੱਧ ਵੀ ਸੁੱਕ ਜਾਂਦਾ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਅਜਿਹੇ ਲੱਛਣ ਵਿਖਾਈ ਦੇਣ ਤਾਂ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਅਤੇ ਵੈਕਸੀਨ ਲਗਵਾਉਣ ਨੂੰ ਯਕੀਨੀ ਬਣਾਇਆ ਜਾਵੇ।