
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਮਨ ਬਹਿਲ ਨੇ 28 ਲੱਖ ਰੁਪਏ ਦੀ ਲਾਗਤ ਨਾਲ ਬਣੇ ਅਮੀਪੁਰ ਆਧੁਨਿਕ ਖੇਡ ਮੈਦਾਨ ਦਾ ਕੀਤਾ ਉਦਘਾਟਨ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਸਾਂਝੇ ਉਪਰਾਲੇ ਤਹਿਤ ਪੰਜਾਬ ਰਾਜ ਵਿੱਚ ਉਸਾਰੇ ਜਾ ਰਹੇ 3100 ਪੇਂਡੂ ਖੇਡ ਮੈਦਾਨਾਂ ਦੇ ਦੂਸਰੇ ਚਰਨ ਅਧੀਨ ਗ੍ਰਾਮ ਪੰਚਾਇਤ ਅਮੀਪੁਰ, ਬਲਾਕ ਗੁਰਦਾਸਪੁਰ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਖੇਡ ਮੈਦਾਨ ਦਾ ਉਦਘਾਟਨ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਵੱਲੋਂ ਕੀਤਾ ਗਿਆ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਰਮਨ ਬਹਿਲ ਨੇ ਅੱਗੇ ਦੱਸਿਆ ਕਿ 1 ਏਕੜ ਵਿੱਚ ਉਸਾਰੇ ਗਏ ਖੇਡ ਸਟੇਡੀਅਮ ਵਿਖੇ ਵਾਲੀਬਾਲ ਕੋਰਟ, ਫੈਨਸਿੰਗ, ਟਾਇਲਟ ਬਲਾਕ, ਸਟੋਰ ਰੂਮ, 8 ਆਰਸੀਸੀ ਬੈਂਚ, 26 ਫੁੱਟ ਲਾਈਟਾਂ, 4 ਹਾਈ ਮਾਸਟ ਲਾਇਟਾਂ, ਪਾਰਕ ਨੂੰ ਪਾਣੀ ਦੀ ਸਪਲਾਈ ਅਤੇ ਗੇਟ ਆਦਿ ਦੀ ਉਸਾਰੀ ਕੀਤੀ ਗਈ ਹੈ। ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 3100 ਪੇਂਡੂ ਖੇਡ ਮੈਦਾਨਾਂ ਦੀ ਉਸਾਰੀ ਦਾ ਉਪਰਾਲਾ ਪਿੰਡਾਂ ਦੇ ਨੌਜਵਾਨਾਂ ਲਈ ਇੱਕ ਵੱਡੀ ਸੌਗਾਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਵੀ ਮਦਦ ਮਿਲੇਗੀ।
ਇਸ ਮੌਕੇ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਭਾਰਤ ਭੂਸ਼ਣ ਸ਼ਰਮਾ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਦਲਜੀਤ ਸਿੰਘ ਸਰਪੰਚ ਅਮੀਪੁਰ, ਨਿਸ਼ਾਨ ਸਿੰਘ ਸਰਪੰਚ ਜੋੜ੍ਹਾ ਛੱਤਰਾ ਅਤੇ ਸਮੂਹ ਗ੍ਰਾਮ ਪੰਚਾਇਤ ਅਮੀਪੁਰ ਸਮੇਤ ਪਿੰਡ ਦੇ ਪਤਵੰਤੇ, ਨੌਜਵਾਨ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ