ਰੱਖੜੀ ਤੇ ਮਹਿੰਗਾਈ ਦੀ ਮਾਰ, ਭਾਅ 'ਚ 15 ਫ਼ੀਸਦੀ ਵਾਧਾ ਰੱਖੜੀ ਤੇ ਮਹਿੰਗਾਈ ਦੀ ਮਾਰ, ਭਾਅ 'ਚ 15 ਫ਼ੀਸਦੀ ਵਾਧਾ
Publish Date: Wed, 26 Aug 2026 04:57 PM (IST)
Updated Date: Wed, 26 Aug 2026 04:58 PM (IST)
--ਚੀਨੀ ਦੇ ਭਾਅ 70 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਮਿਠਾਈ ਦੀਆਂ ਕੀਮਤਾਂ ਵਿੱਚ ਵੀ ਉਛਾਲ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੁੰਦੇ ਹੀ ਬਜ਼ਾਰਾਂ ਵਿੱਚ ਰੌਣਕ ਵਾਪਸ ਆ ਗਈ ਹੈ ਅਤੇ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਨੇ ਇਸ ਵਾਰ ਵੀ ਭਰਾ-ਭੈਣ ਦੇ ਅਟੁੱਟ ਪਿਆਰ ਦੇ ਰੰਗ ਵਿੱਚ ਪੂਰੇ ਮਾਹੌਲ ਨੂੰ ਰੰਗੀਨ ਕਰ ਦਿੱਤਾ ਹੈ। ਭੈਣਾਂ ਆਪਣੇ ਭਰਾਵਾਂ ਦੀ ਕਲਾਈ ਨੂੰ ਸਜਾਉਣ ਲਈ ਖਾਸ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ ਅਤੇ ਬਜ਼ਾਰਾਂ ਦਾ ਰੁਖ਼ ਕਰਕੇ ਵੱਖ-ਵੱਖ ਕਿਸਮਾਂ ਦੀਆਂ ਆਕਰਸ਼ਕ ਤੇ ਮਨਮੋਹਕ ਰੱਖੜੀਆਂ ਦੀ ਖ਼ਰੀਦਾਰੀ ਕਰ ਰਹੀਆਂ ਹਨ। ਦੱਸ ਦਈਏ ਕਿ ਰੱਖੜੀ ਦਾ ਤਿਉਹਾਰ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਹਾਲਾਂਕਿ ਇਸ ਸਾਲ ਤਿਉਹਾਰੀ ਬਜ਼ਾਰ ਤੇ ਮਹਿੰਗਾਈ ਦਾ ਪ੍ਰਭਾਵ ਸਪੱਸ਼ਟ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਪਿਛਲੇ ਸਾਲ ਦੀ ਤੁਲਣਾ ਵਿੱਚ ਲੋਕਾਂ ਨੂੰ ਰੱਖੜੀਆਂ ਲਈ ਔਸਤਨ 15 ਤੋਂ 20 ਫ਼ੀਸਦੀ ਵੱਧ ਭੁਗਤਾਨ ਕਰਨਾ ਪੈ ਰਿਹਾ ਹੈ। ਬਜ਼ਾਰ ਵਿੱਚ ਇਸ ਵਾਰ ਰੱਖੜੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੁਕਾਨਦਾਰਾਂ ਅਨੁਸਾਰ ਪਿਛਲੇ ਸਾਲ 50 ਰੁਪਏ ਵਿੱਚ ਮਿਲਣ ਵਾਲੀ ਰੱਖੜੀ ਹੁਣ 60 ਤੋਂ 65 ਰੁਪਏ ਦੇ ਵਿਚਕਾਰ ਵਿਕ ਰਹੀ ਹੈ। ਉੱਥੇ ਹੀ 100 ਰੁਪਏ ਵਾਲੀ ਰੱਖੜੀ ਹੁਣ 120 ਰੁਪਏ, 150 ਰੁਪਏ ਵਾਲੀ ਰੱਖੜੀ 175 ਰੁਪਏ ਅਤੇ 200 ਰੁਪਏ ਵਾਲੀ ਰੱਖੜੀ 230 ਰੁਪਏ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਰੱਖੜੀਆਂ ਦੀ ਕੀਮਤ ਪਿਛਲੇ ਸਾਲ 50 ਰੁਪਏ ਤੋਂ ਘੱਟ ਸੀ, ਉਨ੍ਹਾਂ ਦੇ ਭਾਅ ਵਿੱਚ ਵੀ ਪੰਜ ਤੋਂ ਦਸ ਰੁਪਏ ਦਾ ਵਾਧਾ ਹੋਇਆ ਹੈ। ਢੋਆ-ਢੁਆਈ ਲਾਗਤ ਵਿੱਚ ਵਾਧਾ ਇਨ੍ਹਾਂ ਦੇ ਮਹਿੰਗਾ ਹੋਣ ਦਾ ਮੁੱਖ ਕਾਰਨ ਬਣਿਆ ਹੈ, ਜਿਸ ਨਾਲ ਸਮੁੱਚੀ ਉਤਪਾਦਨ ਲਾਗਤ ਪ੍ਰਭਾਵਿਤ ਹੋਈ ਹੈ। ਬਜ਼ਾਰ ਵਿੱਚ ਇਸ ਵਾਰ ਬੱਚਿਆਂ ਲਈ ਰੱਖੜੀਆਂ ਦਾ ਇੱਕ ਵਿਸ਼ੇਸ਼ ਆਕਰਸ਼ਣ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਡੋਰੇਮਾਨ, ਛੋਟਾ ਭੀਮ ਅਤੇ ਮੋਟੂ-ਪਤਲੂ ਵਰਗੇ ਮਸ਼ਹੂਰ ਕਾਰਟੂਨ ਪਾਤਰਾਂ ਤੇ ਆਧਾਰਿਤ ਰੱਖੜੀਆਂ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਵਾਰ ਵਧਦੀਆਂ ਕੀਮਤਾਂ ਦਾ ਅਸਰ ਸਿਰਫ਼ ਰੱਖੜੀਆਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਰੱਖੜੀ ਦੇ ਮਿੱਠੇ ਪਕਵਾਨਾਂ ਅਤੇ ਮਿਠਾਈਆਂ ਤੇ ਵੀ ਪਿਆ ਹੈ। ਖ਼ਾਸ ਕਰਕੇ, ਪਿਛਲੇ ਤੀਹ ਦਿਨਾਂ ਦੇ ਅੰਦਰ ਚੀਨੀ ਦੇ ਭਾਅ ਫੁਟਕਲ ਬਜ਼ਾਰ ਵਿੱਚ 44 ਰੁਪਏ ਤੋਂ ਵੱਧ ਕੇ 70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਏ ਹਨ ਜੋ ਇੱਕ ਵੱਡਾ ਉਛਾਲ ਹੈ। ਇਸ ਨਾਲ ਨਾ ਸਿਰਫ਼ ਮਿਠਾਈ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਮਿਠਾਈ ਵਿਕਰੇਤਾਵਾਂ ਨੂੰ ਮਜਬੂਰਨ ਆਪਣੇ ਉਤਪਾਦਾਂ ਦੀਆਂ ਕੀਮਤਾਂ 15 ਫ਼ੀਸਦੀ ਤੱਕ ਵਧਾਉਣੀਆਂ ਪਈਆਂ ਹਨ। ਜੋ ਮਿਠਾਈ ਪਹਿਲਾਂ 550 ਰੁਪਏ ਪ੍ਰਤੀ ਕਿਲੋਗ੍ਰਾਮ ਵਿਕਦੀ ਸੀ, ਉਹ ਹੁਣ 575 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।