ਪੀਐੱਮ ਸ਼੍ਰੀ ਸਕੂਲ ’ਚ ਕੁਇਜ਼ ਤੇ ਲੇਖ ਲਿਖਣ ਮੁਕਾਬਲੇ ਪੀਐੱਮ ਸ਼੍ਰੀ ਸਕੂਲ ਵਿਖੇ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ
Publish Date: Fri, 13 Nov 2026 03:08 PM (IST)
Updated Date: Sat, 14 Nov 2026 04:00 AM (IST)
ਫੋਟੋ: 13ਬੀਟੀਐਲ02 ਲੈਕਚਰਾਰ ਪ੍ਰਦੀਪ ਕੁਮਾਰ ਸੰਬੋਧਨ ਕਰਦੇ ਹੋਏ ਅਤੇ ਹਾਜ਼ਰ ਵਿਦਿਆਰਥੀ ਵਰਗ। ਕਸ਼ਮੀਰ ਸਿੰਘ ਸੰਧੂ/ਤਾਰਿਕ ਅਹਿਮਦ, ਪੰਜਾਬੀ ਜਾਗਰਣ, ਕਾਦੀਆਂ: ਚੋਣ ਕਮਿਸ਼ਨ ਆਫ਼ ਇੰਡੀਆ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਸਹਿਯੋਗ ਨਾਲ ਕੁਇਜ਼ ਤੇ ਲੇਖ ਲਿਖਣ ਦੇ ਮੁਕਾਬਲੇ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕੁਇਜ਼ ਮੁਕਾਬਲੇ ’ਚ ਵੋਟਰ ਸੂਚੀ ਦੀ ਤਿਆਰੀ, ਈਵੀਐੱਮ ਤੇ ਵੀਵੀਪੈਟ, ਵੋਟਿੰਗ ਪ੍ਰਕਿਰਿਆ ਅਤੇ ਵੋਟਾਂ ਦੀ ਗਿਣਤੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਬਾਰੇ ਪ੍ਰਸ਼ਨ ਪੁੱਛੇ ਗਏ। ਲੇਖ ਲਿਖਣ ਮੁਕਾਬਲੇ ਲਈ ਵਿਦਿਆਰਥੀਆਂ ਨੂੰ ‘ਸ਼ੁੱਧ ਚੋਣ ਸੂਚੀ ਦੀ ਮਹੱਤਤਾ’ ਤੇ ‘ਵੋਟ ਪਾਉਣ ਦੀ ਮਹੱਤਤਾ’ ਵਰਗੇ ਵਿਸ਼ੇ ਦਿੱਤੇ ਗਏ। ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ’ਚ ਵੋਟ ਦੇ ਮਹੱਤਵ, ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਲੈਕਚਰਾਰ ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਗਰੂਕ ਨੌਜਵਾਨ ਹੀ ਇਕ ਮਜ਼ਬੂਤ ਤੇ ਸਿਹਤਮੰਦ ਲੋਕਤੰਤਰ ਦੀ ਨੀਂਹ ਹਨ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਪੂਰਾ ਸਹਿਯੋਗ ਦਿੱਤਾ।