ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਨੇ ਬਲਜੀਤ ਯਾਦਗਾਰੀ ਹਾਲ 'ਚ ਕਵੀ ਦਰਬਾਰ ਕਰਵਾਇਆ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਬਲਜੀਤ ਯਾਦਗਾਰੀ ਹਾਲ 'ਚ ਕਵੀ ਦਰਬਾਰ ਦਾ ਆਯੋਜਨ
Publish Date: Sun, 02 Aug 2026 05:19 PM (IST)
Updated Date: Mon, 03 Aug 2026 04:05 AM (IST)
ਜੀਆਰਪੀ- ਜਾਣਕਾਰੀ ਦਿੰਦੇ ਹੋਏ ਸਭਾ ਦੇ ਮੈਂਬਰ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਬਲਜੀਤ ਯਾਦਗਾਰੀ ਹਾਲ ਰੁਲ਼ੀਆ ਰਾਮ ਕਾਲੋਨੀ ਗੁਰਦਾਸਪੁਰ ਵਿਖੇ ਮਹੀਨਾਵਾਰ ਬੈਠਕ ਤੇ ਕਵੀ ਦਰਬਾਰ ਕਰਵਾਇਆ, ਜਿਸ ’ਚ ਸ਼ਹਿਰ ਦੇ ਸਾਹਿਤ ਪ੍ਰੇਮੀਆਂ ਤੇ ਲੇਖਕਾਂ ਨੇ ਸ਼ਿਰਕਤ ਕੀਤੀ। ਇਸ ਵਾਰ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਹਰਪਾਲ ਸਿੰਘ ਬੈਂਸ ਨੇ ਕੀਤੀ, ਜਿਨ੍ਹਾਂ ਇਸ ਸਾਹਿਤਕ ਸਮਾਗਮ ਲਈ ਖ਼ਾਸ ਪ੍ਰਬੰਧ ਕੀਤੇ। ਵਿਦੇਸ਼ ਤੋਂ ਸੋਸ਼ਲ ਮੀਡੀਆ ਰਾਹੀਂ ਜੁੜੇ ਸਭਾ ਦੇ ਮੈਂਬਰ ਗੁਰਦੇਵ ਸਿੰਘ ਭੁੱਲਰ ਤੇ ਰਜਿੰਦਰ ਸਿੰਘ ਛੀਨਾ ਦੀਆਂ ਰਚਨਾਵਾਂ ਨਾਲ ਕਵੀ ਦਰਬਾਰ ਦਾ ਆਗਾਜ਼ ਹੋਇਆ, ਜਿਸ ਨੇ ਹਾਜ਼ਰੀਨ ਨੂੰ ਰੂਬਰੂ ਕਰਵਾ ਦਿੱਤਾ। ਇਸ ਤੋਂ ਬਾਅਦ ਪ੍ਰੀਤ ਰਾਣਾ ਅਤੇ ਸੁਨੀਲ ਕੁਮਾਰ ਨੇ ਤਰੰਨਮ ਵਿੱਚ ਗੀਤਾਂ ਨਾਲ ਮਾਹੌਲ ਨੂੰ ਰੰਗੀਨ ਬਣਾਇਆ, ਜਦੋਂ ਕਿ ਹਰਪਾਲ ਬੈਂਸ, ਸੀਤਲ ਗੁੰਨੋਪੁਰੀ, ਸੁਭਾਸ਼ ਦੀਵਾਨਾ ਅਤੇ ਸੁਰਿੰਦਰ ਮੋਹਨ ਸ਼ਰਮਾ ਨੇ ਭਾਵਪੂਰਤ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ। ਕੁਲਦੀਪ ਸਿੰਘ ਘਾਂਗਲਾ, ਕੁਲਜੀਤ ਰੰਧਾਵਾ, ਪਵਨ ਗਰੋਟੀਆਂ, ਸੋਹਣ ਸਿੰਘ ਅਤੇ ਐੱਨ.ਕੇ. ਸੋਈ ਨੇ ਆਪਣੇ-ਆਪਣੇ ਕਲਾਮ ਪੇਸ਼ ਕਰਕੇ ਸਾਹਿਤਕ ਮੰਚ ਨੂੰ ਹੋਰ ਸ਼ਿੰਗਾਰਿਆ। ਇਸ ਮੌਕੇ ਹਰੇਕ ਕਵੀ ਨੇ ਆਪਣੀਆਂ ਰਚਨਾਵਾਂ ਵਿੱਚ ਸਾਵਣ ਮਹੀਨੇ ਦਾ ਖ਼ਾਸ ਜ਼ਿਕਰ ਕਰਕੇ ਸਮੁੱਚਾ ਕਵੀ ਦਰਬਾਰ ਸਾਵਣ ਮਹੀਨੇ ਨੂੰ ਸਮਰਪਿਤ ਕਰ ਦਿੱਤਾ, ਜਿਸ ਨਾਲ ਸਾਵਣ ਦੀਆਂ ਫੁਹਾਰਾਂ ਅਤੇ ਮੌਸਮ ਦੇ ਰੰਗਾਂ ਦੀ ਝਲਕ ਹਰ ਰਚਨਾ ਵਿੱਚ ਦੇਖਣ ਨੂੰ ਮਿਲੀ। ਸਭਾ ਦੇ ਸੀਨੀਅਰ ਮੈਂਬਰ ਰਜਨੀਸ਼ ਵਸ਼ਿਸ਼ਟ ਨੇ ਮਿੰਨੀ ਕਹਾਣੀ ਸੁਣਾ ਕੇ ਮੰਚ ਨੂੰ ਇਕ ਨਵਾਂ ਮੋੜ ਦਿੱਤਾ, ਜਦਕਿ ਤਰਸੇਮ ਸਿੰਘ ਭੰਗੂ ਨੇ ਸਮਾਜਿਕ ਲੇਖ ਸਾਂਝਾ ਕਰਕੇ ਸਮਾਜ ਦੇ ਹਾਸਲ ਹਾਲਾਤ ਤੇ ਗੰਭੀਰ ਵਿਚਾਰ ਪੇਸ਼ ਕੀਤੇ। ਸੁਭਾਸ਼ ਦੀਵਾਨਾ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ, ਜਿਨ੍ਹਾਂ ਨੇ ਪੂਰੇ ਪ੍ਰੋਗਰਾਮ ਨੂੰ ਰਵਾਨਗੀ ਬਖ਼ਸ਼ੀ। ਪ੍ਰੋਫੈਸਰ ਰਾਜ ਕੁਮਾਰ ਨੇ ਸਮੁੱਚੇ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਸਾਵਣ ਮਹੀਨੇ ਦੀ ਇਤਿਹਾਸਕ ਅਹਿਮੀਅਤ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਜਿਸ ਨੂੰ ਸਰੋਤਿਆਂ ਨੇ ਖੂਬ ਸਲਾਹਿਆ। ਪ੍ਰੋਗਰਾਮ ਦੇ ਅਖ਼ੀਰ ਵਿੱਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਸਭਾ ਦੇ ਸਾਰੇ ਮੈਂਬਰਾਂ ਅਤੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਸਮੁੱਚੀ ਕਾਰਵਾਈ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਭਵਿੱਖ ਵਿੱਚ ਵੀ ਅਜਿਹੀਆਂ ਸਾਹਿਤਕ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ।