2027 ’ਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ : ਭਗਵੰਤ ਸਿੰਘ ਮਾਨ ਕੰਮ ਦੀ ਰਾਜਨੀਤੀ’ ਸਦਕਾ 2027 ਵਿੱਚ ਪੰਜਾਬ ਸਾਨੂੰ ਇੱਕ ਹੋਰ ਮੌਕਾ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Publish Date: Sun, 04 Oct 2026 04:24 PM (IST)
Updated Date: Sun, 04 Oct 2026 04:26 PM (IST)
ਸੁਖਦੇਵ ਸਿੰਘ/ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹੁਣ ‘ਕੰਮ ਦੀ ਰਾਜਨੀਤੀ’ ਅਤੇ ਪਰਿਵਾਰ ਕੇਂਦਰਿਤ ਰਾਜਨੀਤੀ ਵਿਚਕਾਰ ਸਪੱਸ਼ਟ ਫ਼ਰਕ ਦੇਖ ਰਿਹਾ ਹੈ। ਫ਼ਤਹਿਗੜ੍ਹ ਚੂੜੀਆਂ ਦੇ ਘਣੀਏ ਕੇ ਬਾਂਗਰ ਵਿਖੇ ਹਲਕਾ ਇੰਚਾਰਜ ਜੋਬਨ ਰੰਧਾਵਾ ਵੱਲੋਂ ਰੱਖੀ ਵੱਡੀ ‘ਲੋਕ ਮਿਲਣੀ’ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 90 ਫੀਸਦੀ ਪਰਿਵਾਰਾਂ ਲਈ ਮੁਫ਼ਤ ਬਿਜਲੀ, 10 ਲੱਖ ਤੱਕ ਦੇ ਇਲਾਜ, 88 ਫੀਸਦੀ ਖੇਤੀਬਾੜੀ ਜ਼ਮੀਨ ਲਈ ਨਹਿਰੀ ਪਾਣੀ ਅਤੇ ਮਾਵਾਂ-ਭੈਣਾਂ ਨੂੰ ਸਿੱਧੀ ਵਿੱਤੀ ਸਹਾਇਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦਾ ਧਿਆਨ ਸ਼ਾਸਨ ਦੇ ਲਾਭਾਂ ਨੂੰ ਸਿੱਧਾ ਲੋਕਾਂ ਤੱਕ ਪਹੁੰਚਾਉਣ ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਸਾਢੇ ਚਾਰ ਸਾਲਾਂ ’ਚ ਸਾਡੀ ਸਰਕਾਰ ਨੇ ਕਾਂਗਰਸ ਅਤੇ ਅਕਾਲੀ ਸ਼ਾਸਨ ਦੇ 22 ਸਾਲਾਂ ਨਾਲੋਂ ਵੱਧ ਕੰਮ ਕਰਕੇ ਦਿਖਾਇਆ ਹੈ, ਜਦੋਂਕਿ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਸਿਖਰਲੇ ਸਥਾਨ ’ਤੇ ਪਹੁੰਚਾ ਦਿੱਤਾ ਹੈ। ਰੈਲੀ ਦੌਰਾਨ ਕਰਵਾਏ ਗਏ ਜਨਤਕ ਸਰਵੇਖਣ ਦੌਰਾਨ ਲੋਕਾਂ ਦੁਆਰਾ ਹੱਥ ਖੜ੍ਹੇ ਕਰ ਕੇ ਦਿੱਤੇ ਗਏ ਜ਼ਬਰਦਸਤ ਹੁੰਗਾਰੇ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦਾ ਭਰੋਸਾ ਸਾਡੇ ਨਾਲ ਬਰਕਰਾਰ ਹੈ। ਇਸ ਨੇ ਇਹ ਵੀ ਦਿਖਾ ਦਿੱਤਾ ਹੈ ਕਿ 2027 ’ਚ ਪੰਜਾਬ ਦੇ ਲੋਕ ਇੱਕ ਵਾਰ ਫਿਰ ਵਿਕਾਸ ਦਾ ਰਾਹ ਚੁਣਨਗੇ। ਪਿਛਲੀਆਂ ਸਰਕਾਰਾਂ ’ਤੇ ਸਿਆਸੀ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਪਰਿਵਾਰਕ ਅਤੇ ਨਿੱਜੀ ਹਿੱਤਾਂ ਦੀ ਰਾਜਨੀਤੀ ’ਚ ਹੀ ਫਸੀਆਂ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਮੁੱਦਿਆਂ ਤੇ ਵੱਖ-ਵੱਖ ਸਰਕਾਰਾਂ ਦੁਆਰਾ ਕੀਤੇ ਗਏ ਕੰਮਾਂ ਦੀ ਤੁਲਨਾ ਕਰਨ ਦਾ ਪੂਰਾ ਹੱਕ ਹੈ, ਜੋ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਰਾਜਨੀਤੀ ਦੀ ਲੋੜ ਹੈ, ਜੋ ਸਕੂਲਾਂ, ਹਸਪਤਾਲਾਂ, ਬਿਜਲੀ, ਸਿੰਜਾਈ, ਰੋਜ਼ਗਾਰ, ਬੁਨਿਆਦੀ ਢਾਂਚੇ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਦੀ ਗੱਲ ਕਰੇ। ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਘਣੀਏ ਕੇ ਬਾਂਗਰ ਖੁਰਦ ਅਤੇ ਘਣੀਏ ਕੇ ਬਾਂਗਰ ਕਲਾਂ ਲਈ 51 ਲੱਖ ਰੁਪਏ ਦੀ ਵਿਕਾਸ ਕਾਰਜਾਂ ਲਈ ਵਿਸ਼ੇਸ਼ ਗਰਾਂਟ ਦਾ ਚੈੱਕ ਵੀ ਦਿੱਤਾ। ਅੰਤ ਚ ਹਲਕਾ ਇੰਚਾਰਜ ਜੋਬਨ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਜੋਬਨ ਰੰਧਾਵਾ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ, ਗੁਰਦੇਵ ਸਿੰਘ ਲੱਖਣਾ ਸਟੇਟ ਸੈਕਰਟਰੀ, ਉੱਪ ਪ੍ਰਧਾਨ ਜਗਰੂਪ ਸਿੰਘ ਸੇਖਵਾਂ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਚੇਅਰਮੈਨ ਰਾਜੀਵ ਸ਼ਰਮਾ, ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ, ਮੁਖਦੇਵ ਸਿੰਘ ਆਲੋਵਾਲ, ਦਲਜੀਤ ਸਿੰਘ ਲੱਕੀ ਸਮੇਤ ਫਤਿਹਗੜ੍ਹ ਚੂੜੀਆਂ ਦੇ ਵਰਕਰ ਅਤੇ ਆਗੂ ਸਨ।