ਪੁਲਿਸ ਜਬਰ ਵਿਰੁੱਧ ਰੋਸ ਮਾਰਚ, ਡੀਸੀ ਦਫਤਰ ਦੇ ਬਾਹਰ ਸਰਕਾਰ ਦੀ ਅਰਥੀ ਫੂਕੀ ਪੁਲਿਸ ਜਬਰ ਵਿਰੁੱਧ ਗੁਰਦਾਸਪੁਰ ਵਿੱਚ
Publish Date: Sat, 19 Sep 2026 04:44 PM (IST)
Updated Date: Sun, 20 Sep 2026 04:03 AM (IST)
ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ : ਭੋਜਰਾਜ ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਪੰਜਾਬ ਸਮੇਤ ਭਾਰਤ ਵਿੱਚ ਇਨਸਾਫ ਮੰਗਣ ਅਤੇ ਆਪਣੇ ਹੱਕ ਲੈਣ ਦੀ ਗੱਲ ਕਰਨ ਵਾਲੇ ਲੋਕਾਂ ਉੱਤੇ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਅਣਮਨੁੱਖੀ ਘਟਨਾਵਾਂ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਪੰਜਾਬ ਦੀਆੰ ਤਹਿਸੀਲਾਂ ਅਤੇ ਜਿਲਾ ਹੈਡ ਕੁਆਰਟਰਾਂ ਉੱਤੇ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਕਰਕੇ ਸਰਕਾਰ ਨੂੰ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਦੇ ਤਹਿਤ ਅੱਜ ਗੁਰਦਾਸਪੁਰ ਵਿਖੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ, ਸਤਨਾਮ ਸਿੰਘ ਬਾਗੜੀਆਂ ਪ੍ਰਧਾਨ ਪਗੜੀ ਸੰਭਾਲ ਲਹਿਰ, ਗੁਲਾਬ ਸਿੰਘ ਚੰਦੂ ਮਾਝਾ ਜਿਲ੍ਹਾ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ, ਸੋਨੂ ਔਲਖ ਪ੍ਰਧਾਨ ਲੋਕ ਇਨਸਾਫ ਮੋਰਚਾ, ਸੂਬਾ ਆਗੂ ਕਵਲਜੀਤ ਸਿੰਘ ਖੁਸ਼ਹਾਲਪੁਰ ਅਤੇ ਜਸਬੀਰ ਸਿੰਘ ਬੀ ਕੇ ਯੂ ਮਾਝਾ ਦੀ ਅਗਵਾਈ ਵਿੱਚ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਉਪਰੰਤ ਜਹਾਜ਼ ਚੌਂਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਕੇ ਨਾਇਬ ਤਹਿਸੀਲਦਾਰ ਰਣਬੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਵਿਕਰੀ ਅਤੇ ਸਪਲਾਈ ’ਤੇ ਤੁਰੰਤ ਰੋਕ ਲਗਾਈ ਜਾਵੇ। ਆਪਣੇ ਹੱਕਾਂ ਅਤੇ ਇਨਸਾਫ਼ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਪੁਲਿਸ ਵੱਲੋਂ ਕੀਤੇ ਜਾ ਰਹੇ ਕਥਿਤ ਤਸ਼ੱਦਦ ਨੂੰ ਬੰਦ ਕਰਕੇ ਮੋਹਨਜੀਤ ਸ਼ੇਰੋ, ਗੁਲਜ਼ਾਰ ਸਿੰਘ ਤੂਰ ਵਣਜਾਰਾ, ਚਮਕੌਰ ਸਿੰਘ ਕਕੜਵਾਲ ਧੂਰੀ ਅਤੇ 9 ਅਗਸਤ ਨੂੰ ਫ਼ਰੀਦਕੋਟ ਵਿਖੇ ਕਿਸਾਨ ਪੰਚਾਇਤ ਵਿੱਚ ਸ਼ਾਮਲ ਕਿਸਾਨਾਂ ਨਾਲ ਕਥਿਤ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਰੋਕਦਿਆਂ ਪੂਰੇ ਵੇਟ ਅਤੇ ਨਿਰਧਾਰਤ ਭਾਅ ’ਤੇ ਫ਼ਸਲ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਬਕਾਏ ਦੀ ਅਦਾਇਗੀ ਵਿਆਜ ਸਮੇਤ ਹੋਵੇ ਅਤੇ ਗੰਨਾ ਮਿੱਲਾਂ ਸਮੇਂ ਸਿਰ ਚਾਲੂ ਕੀਤੀਆਂ ਜਾਣ। ਬਿਜਲੀ ਸਪਲਾਈ ਦੀ ਘਾਟ ਕਾਰਨ ਝੋਨੇ ਦੇ ਝਾੜ ਅਤੇ ਜਨਰੇਟਰਾਂ ਰਾਹੀਂ ਸਿੰਚਾਈ ਦੇ ਵਧੇ ਖਰਚੇ ਨੂੰ ਦੇਖਦਿਆਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨ ਅਤੇ ਪੰਜਾਬ ਕੋ- ਔਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕਾਂ ਦੇ ਸਾਹਮਣੇ ਚੱਲ ਰਹੇ ਧਰਨਿਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਹਟਾਉਣ ਸਮੇਂ ਕਿਸਾਨਾਂ ਦੇ ਹੋਏ ਸਮਾਨ ਦੇ ਨੁਕਸਾਨ ਦੀ ਪੂਰਤੀ ਤੁਰੰਤ ਕਰਨ, ਸੀਡ ਬਿਲ 2025, ਜੀਐੱਮ ਸੀਡ ਅਤੇ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਸਾਨ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਅੱਗੇ ਮਜ਼ਬੂਤ ਪੱਖ ਰੱਖਣ ਦੀ ਮੰਗ ਕੀਤੀ। ਪਰਾਲੀ ਸਾੜਨ ਦੇ ਮਾਮਲੇ ਵਿੱਚ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਦੇਣ ਅਤੇ ਜੁਰਮਾਨੇ, ਰੈੱਡ ਐਂਟਰੀਆਂ ਤੇ ਪਰਚਿਆਂ ਦੀ ਕਾਰਵਾਈ ਬੰਦ ਕਰਨ ਸਮੇਤ ਪਹਿਲਾਂ ਦਰਜ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਜਿਲਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ,ਬਲਜਿੰਦਰ ਸਿੰਘ ਚੀਮਾ,ਬਲਵਿੰਦਰ ਸਿੰਘ ਖਾਲਸਾ, ਸੁਖਜਿੰਦਰ ਸਿੰਘ ਬੜੋਏ, ਭਗਵੰਤ ਸਿੰਘ ਮਾਨ,ਪ੍ਰਕਾਸ਼ ਸਿੰਘ ਮਾਂਗਟ,ਦਵਿੰਦਰ ਸਿੰਘ ਦਮੋਦਰ,ਵੀਰ ਸਿੰਘ ਭਗਠਾਣਾ,ਮਲੂਕ ਸਿੰਘ,ਦਰਸ਼ਨ ਸਿੰਘ ਔਲਖ ਆਦਿ ਕਿਸਾਨ ਆਗੂ ਹਾਜ਼ਰ ਸਨ।