ਝੋਨੇ ’ਤੇ ਕੱਟ ਲਗਾਉਣ ਦੇ ਵਿਰੋਧ ’ਚ ਕਿਸਾਨਾਂ ਨੇ ਐੱਸਡੀਐੱਮ ਦਫ਼ਤਰ ਦਾ ਕੀਤਾ ਘਿਰਾਓ ਝੋਨੇ ਦੇ ਕੱਟ ਲਗਾਉਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਐਸਡੀਐਮ ਦਫਤਰ ਬਾਹਰ ਧਰਨਾ ਦਿੰਦੀਆੰ ਹੋਈਆੰ।
Publish Date: Sat, 10 Oct 2026 05:13 PM (IST)
Updated Date: Sat, 10 Oct 2026 05:14 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਪੰਜਾਬ ਸਰਕਾਰ ਵੱਲੋਂ ਜਿੱਥੇ ਪਹਿਲੀ ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਬਾਰਡਰ ਏਰੀਆ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਤੋਂ ਇਲਾਵਾ ਵੱਖ-ਵੱਖ ਸਰਹੱਦੀ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਅਤੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਸ਼ੁਕਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਅਧੀਨ ਆਉਂਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਐੱਸਡੀਐੱਮ ਦਫਤਰ ਦੇ ਮੂਹਰੇ ਕਰੀਬ ਚਾਰ ਘੰਟੇ ਧਰਨਾ ਲਗਾਉਣ ਉਪਰੰਤ ਨੈਸ਼ਨਲ ਹਾਈਵੇ 354 ਤੇ ਇੱਕ ਘੰਟਾ ਚੱਕਾ ਜਾਮ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਕਿਸਾਨ ਰੋਸ ਧਰਨੇ ਦੀ ਅਗਵਾਈ ਕਰ ਰਹੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਜਵਾਨ ਤੇ ਕਿਸਾਨ ਭਲਾਈ ਯੂਨੀਅਨ, ਅਸ਼ਵਨੀ ਕੁਮਾਰ ਲੱਖਣ ਕਲਾਂ, ਪਲਵਿੰਦਰ ਸਿੰਘ ਮਾਨੇਪੁਰ, ਕੁਲਵਿੰਦਰਜੀਤ ਸਿੰਘ ਅਠਵਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਦ ਬੁਲਾਰਿਆਂ ਨੇ ਕਿਹਾ ਕਿ ਆੜ੍ਹਤੀਆਂ ਕਿਸਾਨਾਂ ਸੈਲਰ ਮਾਲਕਾਂ ਵੱਲੋਂ ਇੱਕ ਸਮਝੌਤੇ ਰਾਹੀਂ ਕਿਸਾਨਾਂ ਦੇ ਹਰ ਕਿਸਮ ਦੇ ਝੋਨੇ ਤੇ ਪ੍ਰਤੀ ਕੁਇੰਟਲ 85 ਰੁਪਏ ਕੱਟ ਤੋਂ ਇਲਾਵਾ ਝੋਨੇ ਦੀ ਨਵੀਂ ਦਾ ਇੱਕ ਪੁਆਇੰਟ ਦੇ ਕੱਟ ਵੱਜੋਂ 30 ਰੁਪਏ ਵਸੂਲਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਡੱਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਲਗਾਏ ਜਾ ਰਹੇ ਇਸ ਕੱਟ ਨੂੰ ਕਿਸੇ ਵੀ ਕੀਮਤ ’ਤੇ ਲੱਗਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਪਹਿਲਾਂ ਹੀ ਕਰਜੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ ਅਤੇ ਉਹ ਖ਼ੁਦਕੁਸ਼ੀਆਂ\ ਕਰਨ ਨੂੰ ਮਜਬੂਰ ਹਨ। ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆੜ੍ਹਤੀਆਂ ਤੇ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਨੂੰ ਲਗਾਇਆ ਜਾਣ ਵਾਲਾ ਕੱਟ ਬੰਦ ਨਾ ਕੀਤਾ ਤਾਂ ਸ਼ਨਿੱਚਰਵਾਰ ਨੂੰ ਨੈਸ਼ਨਲ ਹਾਈਵੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਲਈ ਧਰਨਾ ਲਗਾਇਆ ਜਾਵੇਗਾ। ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਪਾਲ ਸਿੰਘ ਸੋਨੂ, ਰੋਸ਼ਨ ਲਾਲ ਜੋਸ਼ੀ, ਮਨਜੀਤ ਸਿੰਘ ਅਦਾਲਤਪੁਰ, ਸਤਨਾਮ ਸਿੰਘ ਰਹੀਮਾਬਾਦ, ਜਰਨੈਲ ਸਿੰਘ ਰਹੀਮਾਬਾਦ ਸਾਬਕਾ, ਗੁਰਦੇਵ ਸਿੰਘ ਰਹੀਮਾਬਾਦ, ਬਲਰਾਜ ਸਿੰਘ, ਨਿਰਵੈਰ ਸਿੰਘ ਨਾਹਰਪੁਰ ਖੱਦਰ, ਜਰਨੈਲ ਸਿੰਘ ਸਪਰਾ, ਦਲਜੀਤ ਸਿੰਘ ਤਲਵੰਡੀ ਆਦਿ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਸਾਮਲ ਸਨ।