- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਖਕ ਧਰਮ ਸਿੰਘ ਗੋਰਾਇਆ ਦੀ ਪੁਸਤਕ ‘ਰਾਵੀ ਮੇਰੇ ਆਰ ਪਾਰ’ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਲੋਕ ਅਰਪਣ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਗੁਰੂ ਨਾਨਕ ਕਾਲਜ, ਬਟਾਲਾ ਵੱਲੋਂ ਮੈਰੀਲੈਂਡ (ਅਮਰੀਕਾ) ਵਾਸੀ ਲੇਖਕ ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ ‘ਰਾਵੀ ਮੇਰੇ ਆਰ ਪਾਰ’ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਦੀ ਰਸਮ ਕਾਲਜ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਸਮੇਤ ਵਿਭਾਗ ਦੇ ਅਧਿਆਪਕਾਂ, ਸਾਹਿਤਕਾਰਾਂ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਕਿਹਾ ਕਿ ‘ਰਾਵੀ ਮੇਰੇ ਆਰ ਪਾਰ’ ਪਹਿਲੀ ਨਜ਼ਰ ਵਿੱਚ ਭਾਵੇਂ ਰਾਵੀ ਦਰਿਆ ਅਤੇ ਇਸ ਦੇ ਆਲ-ਦੁਆਲੇ ਦੇ ਵਸੇਬ ਬਾਰੇ ਪੁਸਤਕ ਜਾਪਦੀ ਹੈ, ਪਰ ਇਸ ਦਾ ਘੇਰਾ ਇਸ ਤੋਂ ਕਿਤੇ ਵਿਸ਼ਾਲ ਹੈ।
ਡਾ. ਹਰਮੀਤ ਕੌਰ ਨੇ ਕਿਹਾ ਕਿ ਧਰਮ ਸਿੰਘ ਗੋਰਾਇਆ ਇਸ ਤੋਂ ਪਹਿਲਾਂ ‘ਬੁਲੰਦ ਹਵੇਲੀ’, ‘ਗੁਰੀਲਾ ਯੁੱਧ ਕਲਾ ਦੇ ਮੋਢੀ ਚੀ ਗੁਏਰਾ’, ‘ਅਣਖ਼ੀਲਾ ਧਰਤੀ ਪੁੱਤਰ: ਦੁੱਲਾ ਭੱਟੀ’, ‘ਰਾਵੀ ਦਾ ਰਾਠ: ਰਾਏ ਅਹਿਮਦ ਖਾਂ ਖਰਲ’, ‘ਜੱਗਾ ਸੂਰਮਾ’, ‘ਲੋਹ ਪੁਰਖ ਮਰਜੀਵੜਾ: ਤੇਜਾ ਸਿੰਘ ਸੁਤੰਤਰ’ ਅਤੇ ਸਵੈ-ਜੀਵਨੀ ਮੂਲਕ ਰਚਨਾ ‘ਕਰਮਾ’ ਰਾਹੀਂ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਇਤਿਹਾਸਕ ਪ੍ਰਸੰਗਾਂ ਨੂੰ ਸਿਰਜਣਾਤਮਕ ਵਾਰਤਕ ਵਿੱਚ ਢਾਲਣ ਦੀ ਕਲਾ ਵਿੱਚ ਗੋਰਾਇਆ ਨੇ ਨਿਵੇਕਲੀ ਮੁਹਾਰਤ ਹਾਸਲ ਕੀਤੀ ਹੈ। ਡਾ. ਗੁਰਵੰਤ ਸਿੰਘ ਨੇ ਕਿਹਾ ਕਿ ਗੋਰਾਇਆ ਪੰਜ ਦਰਿਆਵਾਂ ਦੇ ਪੁੱਤਰਾਂ ਦੀ ਗਾਥਾ ਕਹਿੰਦਿਆਂ ਹੁਣ ਰਾਵੀ ਦੀ ਜੂਹ ਨੂੰ ਅੰਦਰੋਂ-ਬਾਹਰੋਂ ਫੋਲ ਕੇ ਇਹ ਮੁੱਲਵਾਨ ਕਿਰਤ ਪਾਠਕਾਂ ਸਾਹਮਣੇ ਲਿਆਏ ਹਨ। ਪੁਸਤਕ ਦੇ ਲੇਖਕ ਧਰਮ ਸਿੰਘ ਗੋਰਾਇਆ ਨੇ ਇਸ ਮੌਕੇ ਆਪਣੀ ਪੁਸਤਕ ਅਤੇ ਆਪਣੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਰਾਵੀ ਦਰਿਆ ਅਤੇ ਇਸ ਦੇ ਚੌਗਿਰਦੇ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਡੂੰਘਾ ਅਤੇ ਭਾਵਨਾਤਮਕ ਹੈ। ਇਸ ਮੌਕੇ ਡਾ. ਮਨਦੀਪ ਕੌਰ, ਪ੍ਰੋ. ਗੁਰਦੀਪ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਮਨਮੀਤ ਕੌਰ, ਪ੍ਰੋ. ਮਨਪ੍ਰੀਤ ਸਿੰਘ ਤੋ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।