
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋ ਰਾਤਾਂ ਤੋਂ ਬਿਜਲੀ ਬੰਦ, ਗਰਮੀ ਕਾਰਨ ਲੋਕ ਪਰੇਸ਼ਾਨ, ਐੱਸਡੀਓ ਨੇ ਸੋਮਵਾਰ ਤੱਕ ਹੱਲ ਦਾ ਭਰੋਸਾ ਦਿੱਤਾ

ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ
ਦੋਰਾਂਗਲਾ: ਬਿਜਲੀ ਸਬ-ਸਟੇਸ਼ਨ ਤਹਿਤ ਪੈਂਦੇ ਸੱਦਾ ਫੀਡਰ ਦੇ ਕਰੀਬ ਦਰਜਨ ਭਰ ਪਿੰਡਾਂ ਵਿੱਚ ਪਿਛਲੀਆਂ ਦੋ ਰਾਤਾਂ ਤੋਂ ਬਿਜਲੀ ਬਿਲਕੁੱਲ ਬੰਦ ਰਹਿਣ ਕਾਰਨ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ। ਸਮੱਸਿਆਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਵਫਦ ਐੱਸਡੀਓ ਦਫ਼ਤਰ ਟੋਟਾ (ਦੋਰਾਂਗਲਾ) ਵਿਖੇ ਪਹੁੰਚਿਆ ਅਤੇ ਆਪਣੀ ਮੁਸ਼ਕਲ ਦੱਸੀ।
ਲੋਕਾਂ ਦੇ ਵਫਦ ਵਿੱਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਮਾਸਟਰ ਸੁਰਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਕਿਸਾਨ ਮਜ਼ਦੂਰ ਯੂਨੀਅਨ ਦੇ ਬਲਾਕ ਆਗੂ ਪ੍ਰਭਜੋਤ ਸਿੰਘ, ਗੁਰਨਾਮ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਪੰਚ ਵੀ ਸ਼ਾਮਲ ਸਨ। ਆਗੂਆਂ ਨੇ ਦੱਸਿਆ ਕਿ ਸੱਦਾ ਫੀਡਰ ਅਧੀਨ ਆਉਂਦੇ ਕਰੀਬ ਦਰਜਨ ਪਿੰਡਾਂ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਰਾਤ ਦੇ ਸਮੇਂ ਬਿਜਲੀ ਦੇ ਬਹੁਤ ਲੰਬੇ ਕੱਟ ਲੱਗ ਰਹੇ ਹਨ, ਜਦੋਂ ਕਿ ਪਿਛਲੀਆਂ ਦੋ ਰਾਤਾਂ ਤੋਂ ਤਾਂ ਬਿਜਲੀ ਬਿਲਕੁੱਲ ਹੀ ਗਾਇਬ ਹੈ। ਇਸ ਕਾਰਨ ਗਰਮੀ ਅਤੇ ਹੁੰਮਸ ਵਿੱਚ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਲਾਤ ਵਿੱਚ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਆਗੂਆਂ ਨੇ ਇਹ ਵੀ ਉਜਾਗਰ ਕੀਤਾ ਕਿ ਇਹ ਪਿੰਡ ਬਾਰਡਰ ਰੇਂਜ ਵਿੱਚ ਆਉਂਦੇ ਹਨ, ਜਿੱਥੇ ਬਿਜਲੀ ਸਪਲਾਈ ਨਿਰਵਿਘਨ ਰੱਖਣਾ ਖ਼ਾਸ ਤੌਰ 'ਤੇ ਜ਼ਰੂਰੀ ਹੁੰਦਾ ਹੈ, ਪਰ ਪ੍ਰਸ਼ਾਸਨ ਆਪਣੇ ਬਣਾਏ ਨਿਯਮਾਂ ਦੀ ਉਲੰਘਣਾ ਕਰਦਿਆਂ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਵਾਅਦੇ ਤੋਂ ਮੂੰਹ ਮੋੜ ਰਿਹਾ ਹੈ। ਐੱਸਡੀਓ ਨੇ ਵਫਦ ਦਾ ਮੰਗ ਪੱਤਰ ਲੈਂਦਿਆਂ ਲਿਖਤੀ ਤੌਰ 'ਤੇ ਪੂਰਨ ਭਰੋਸਾ ਦਿੱਤਾ ਕਿ ਸੋਮਵਾਰ ਤੱਕ ਹਰ ਹਾਲ ਵਿੱਚ ਰਾਤ ਵੇਲੇ ਬਿਜਲੀ ਬੰਦ ਹੋਣ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਕਿਸੇ ਵੀ ਪਿੰਡ ਨੂੰ ਬਿਜਲੀ ਸਬੰਧੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।