- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੇ ਸਿਵਲ ਹਸਪਤਾਲ ਦੀ ਬਿਜਲੀ ਹੋਈ ਗੁਲ, ਹਨੇਰੇ ਵਿੱਚ ਕਰਨਾ ਪਿਆ ਕੰਮ

ਪਲਵਿੰਦਰ ਸਿੰਘ, ਪੰਜਾਬੀ ਜਾਗਰਣ
ਗੁਰਦਾਸਪੁਰ: ਪੁਰਾਣੇ ਸਿਵਲ ਹਸਪਤਾਲ ਵਿੱਚ ਵੀਰਵਾਰ ਸਵੇਰੇ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਰੇਸ਼ਾਨੀ ਮਰੀਜ਼ਾਂ ਅਤੇ ਸਟਾਫ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕਰੀਬ ਨੌਂ ਵਜੇ ਬਿਜਲੀ ਸਪਲਾਈ ਬੰਦ ਹੋ ਗਈ। ਇਸ ਦੌਰਾਨ ਹਸਪਤਾਲ ਦਾ ਵਾਰਡ, ਲੈਬ ਅਤੇ ਓਪੀਡੀ ਹਨੇਰੇ ਵਿੱਚ ਡੁੱਬੇ ਰਹੇ ਜਿਸ ਕਾਰਨ ਮਰੀਜ਼ਾਂ ਅਤੇ ਹਸਪਤਾਲ ਸਟਾਫ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਤ ਇਹ ਹੋ ਗਈ ਕਿ ਹਸਪਤਾਲ ਸਟਾਫ ਨੂੰ ਹਨੇਰੇ ਵਿੱਚ ਬੈਠ ਕੇ ਕੰਮ ਕਰਨਾ ਪਿਆ। ਨਰਸਿੰਗ ਸਟਾਫ ਨੂੰ ਦਵਾਈਆਂ ਵੰਡਣ ਅਤੇ ਮਰੀਜ਼ਾਂ ਦਾ ਰਿਕਾਰਡ ਸੰਭਾਲਣ ਵਿੱਚ ਕਠਿਨਾਈ ਹੋਈ। ਉੱਥੇ ਹੀ ਹਸਪਤਾਲ ਵਿੱਚ ਪਹਿਲਾਂ ਤੋਂ ਭਰਤੀ ਮਰੀਜ਼ ਵੀ ਹਨੇਰੇ ਵਿੱਚ ਹੀ ਲੇਟੇ ਦਿਖੇ। ਪੱਖੇ ਅਤੇ ਲਾਈਟਾਂ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਗਰਮੀ ਵਿੱਚ ਪਰੇਸ਼ਾਨੀ ਹੋਈ। ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਦੇ ਨਜ਼ਰ ਆਏ, ਪਰ ਬਿਜਲੀ ਬਹਾਲ ਨਾ ਹੋਣ ਕਾਰਨ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ।
ਸਭ ਤੋਂ ਜ਼ਿਆਦਾ ਪਰੇਸ਼ਾਨੀ ਹਸਪਤਾਲ ਵਿੱਚ ਟੈਸਟ ਕਰਾਉਣ ਪੁੱਜੇ ਮਰੀਜ਼ਾਂ ਨੂੰ ਹੋਈ। ਪੈਥੋਲੋਜੀ ਲੈਬ ਵਿੱਚ ਬਿਜਲੀ ਨਾ ਹੋਣ ਕਾਰਨ ਸੈਂਪਲਿੰਗ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਸਟਾਫ ਨੂੰ ਸੈਂਪਲ ਲੈਣ ਤੋਂ ਇਨਕਾਰ ਕਰਨਾ ਪਿਆ ਕਿਉਂਕਿ ਬਿਜਲੀ ਬੰਦ ਹੋਣ ਕਾਰਨ ਰੈਫ੍ਰਿਜਰੇਟਰ ਅਤੇ ਹੋਰ ਉਪਕਰਨ ਕੰਮ ਨਹੀਂ ਕਰ ਰਹੇ ਸਨ ਅਤੇ ਸੈਂਪਲ ਖ਼ਰਾਬ ਹੋਣ ਦੀ ਸੰਭਾਵਨਾ ਸੀ। ਇਸ ਕਾਰਨ ਬਹੁਤ ਸਾਰੇ ਮਰੀਜ਼ ਜਾਂਚ ਕਰਾਉਣ ਆਏ ਸਨ, ਉਨ੍ਹਾਂ ਨੂੰ ਬਿਨਾਂ ਸੈਂਪਲ ਦਿੱਤੇ ਹੀ ਵਾਪਸ ਆਉਣਾ ਪਿਆ। ਕੁਝ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਦਿਨ ਤੈਅ ਕਰਕੇ ਆਉਣਾ ਪੈਂਦਾ ਹੈ ਅਤੇ ਹੁਣ ਬੇਕਾਰ ਦੀ ਪਰੇਸ਼ਾਨੀ ਝੱਲਣੀ ਪਈ।
ਟੈਸਟ ਰਿਪੋਰਟਾਂ ਲੈਣ ਪੁੱਜੇ ਮਰੀਜ਼ ਵੀ ਕਾਫੀ ਪਰੇਸ਼ਾਨ ਦਿਖੇ। ਬਿਜਲੀ ਨਾ ਹੋਣ ਕਾਰਨ ਹਸਪਤਾਲ ਦੀ ਕੰਪਿਊਟਰ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਰਹੀ, ਜਿਸ ਕਾਰਨ ਨਾ ਤਾਂ ਨਵੀਆਂ ਰਿਪੋਰਟਾਂ ਬਣ ਸਕੀਆਂ ਅਤੇ ਨਾ ਹੀ ਪੁਰਾਣੀਆਂ ਰਿਪੋਰਟਾਂ ਜਾਰੀ ਹੋ ਸਕੀਆਂ। ਮਰੀਜ਼ਾਂ ਨੂੰ ਕਾਊਂਟਰਾਂ ਅੱਗੇ ਘੰਟਿਆਂ ਇੰਤਜ਼ਾਰ ਕਰਨਾ ਪਿਆ। ਬਹੁਤ ਸਾਰੇ ਮਰੀਜ਼ ਤਾਂ ਬਿਨਾਂ ਰਿਪੋਰਟ ਲਏ ਹੀ ਵਾਪਸ ਚਲੇ ਗਏ। ਮਰੀਜ਼ਾਂ ਨੇ ਦੱਸਿਆ ਕਿ ਉਹ ਆਪਣੀ ਰਿਪੋਰਟ ਲੈਣ ਆਏ ਸਨ, ਪਰ ਕੰਪਿਊਟਰ ਬੰਦ ਹੋਣ ਕਾਰਨ ਕੁਝ ਨਹੀਂ ਹੋ ਸਕਿਆ। ਮੁੜ ਆਉਣ ਨੂੰ ਕਿਹਾ ਗਿਆ ਹੈ। ਘਟਨਾ ਤੋਂ ਬਾਅਦ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਰੋਸ ਹੈ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਰਗੀ ਥਾਂ ’ਤੇ ਬਿਜਲੀ ਗੁੱਲ ਹੋਣਾ ਲਾਪਰਵਾਹੀ ਹੈ। ਇੱਥੇ ਤਾਂ ਜਨਰੇਟਰ ਜਾਂ ਇਨਵਰਟਰ ਵਰਗੀ ਸਹੂਲਤ ਹੋਣੀ ਚਾਹੀਦੀ ਹੈ, ਪਰ ਕੁਝ ਨਹੀਂ ਕੀਤਾ ਗਿਆ। ਅਜਿਹੇ ਵਿੱਚ ਪੁਰਾਣੇ ਸਿਵਲ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਦੀ ਕਮੀ ਸਾਫ਼ ਨਜ਼ਰ ਆਈ। ਬਿਜਲੀ ਕਟੌਤੀ ਨੇ ਹਸਪਤਾਲ ਦੀਆਂ ਐਮਰਜੈਂਸੀ ਤਿਆਰੀਆਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਉੱਥੇ ਹੀ ਮਾਮਲੇ ਨੂੰ ਲੈ ਕੇ ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਦਾ ਬਿਜਲੀ ਪੈਨਲ ਸੜਨ ਕਾਰਨ ਸਮੱਸਿਆ ਆਈ ਜਿਸ ਨੂੰ ਠੀਕ ਕਰਵਾਇਆ ਜਾ ਰਿਹਾ ਹੈ।