ਪਾਣੀ ਦੀ ਸੰਭਾਲ ਨਾ ਕਰਨ ’ਤੇ ਭਵਿੱਖ ’ਚ ਲੋਕਾਂ ਨੂੰ ਭਾਰੀ ਕਿੱਲਤ ਦਾ ਕਰਨਾ ਪੈ ਸਕਦਾ ਸਾਹਮਣਾ : ਸਲਹੋਤਰਾ ਰੈੱਡ ਰੈਚੀਜ਼ ਸਕੂਲ ਵਿਖੇ ਜਲ ਸੰਭਾਲ ਸਬੰਧੀ ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ
Publish Date: Sat, 17 Oct 2026 04:48 PM (IST)
Updated Date: Sun, 18 Oct 2026 04:01 AM (IST)
ਰੈੱਡ ਰੈਚੀਜ਼ ਸਕੂਲ ਵਿਖੇ ਜਲ ਸੰਭਾਲ ਸਬੰਧੀ ਪੋਸਟਰ ਮੇਕਿੰਗ ਤੇ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਸਥਾਨਕ ਰੈੱਡ ਰੈਚੀਜ਼ ਸਕੂਲ ਵਿਖੇ ਜਲ ਸੰਭਾਲ ਦੇ ਮਹੱਤਵ ਨੂੰ ਲੈ ਕੇ ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ 52 ਵਿਦਿਆਰਥੀਆਂ ਨੇ ਭਾਗ ਲੈਂਦਿਆਂ ਪੋਸਟਰ ਅਤੇ ਚਾਰਟ ਤਿਆਰ ਕੀਤੇ। ਇਸ ਮੌਕੇ ਪਰਿਆਵਰਨ ਸੰਰੱਖਣ ਗਤੀਵਿਧੀ ਦੇ ਪੰਜਾਬ ਸਹਿ-ਸੰਯੋਜਕ ਸੰਦੀਪ ਸਲਹੋਤਰਾ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਵਿੱਚ ਜਲ ਸੰਕਟ ਦੀ ਗੰਭੀਰਤਾ ਅਤੇ ਪਾਣੀ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮੇਂ ਸਿਰ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮੀਂਹ ਦੇ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਨੂੰ ਪੁਰਾਣੀਆਂ ਅਤੇ ਨਵੀਆਂ ਇਮਾਰਤਾਂ ਵਿੱਚ ਲਾਜ਼ਮੀ ਬਣਾਇਆ ਜਾਵੇ ਅਤੇ ਨਵੀਆਂ ਇਮਾਰਤਾਂ ਦੀ ਮਨਜ਼ੂਰੀ ਨੂੰ ਇਸ ਪ੍ਰਣਾਲੀ ਨਾਲ ਜੋੜਿਆ ਜਾਵੇ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਸਿਮਰਨ ਅਗਰਵਾਲ ਰਾਸ਼ਟਰੀ ਸਕੱਤਰ ਅਖਿਲ ਭਾਰਤੀ ਅਗਰਵਾਲ ਸੰਮੇਲਨ ਨੇ ਪਰਿਆਵਰਨ ਸੰਰੱਖਣ ਗਤੀਵਿਧੀ ਵੱਲੋਂ ਜਲ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਅਖਿਲ ਭਾਰਤੀ ਅਗਰਵਾਲ ਸੰਮੇਲਨ ਭਵਿੱਖ ਵਿੱਚ ਵੀ ਪਰਿਆਵਰਨ ਸੰਭਾਲ ਨਾਲ ਸਬੰਧਤ ਗਤੀਵਿਧੀਆਂ ਵਿੱਚ ਆਪਣਾ ਪੂਰਾ ਸਹਿਯੋਗ ਦੇਵੇਗਾ। ਸਕੂਲ ਪ੍ਰਿੰਸੀਪਲ ਰਜਨੀ ਗੋਸਾਈਂ ਨੇ ਪਰਿਆਵਰਨ ਦੀ ਰੱਖਿਆ ਲਈ ਸਾਂਝੇ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਚੌਥੀ ਜਮਾਤ ਦੀਆਂ ਜਨਤ, ਅਮਨ ਅਤੇ ਲਵੇਨੀਆ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਜਮਾਤ ਦੀ ਖ਼ਵਾਹਿਸ਼ ਨੇ ਦੂਜਾ, ਨੌਵੀਂ ਜਮਾਤ ਦੀ ਮਹਿਕ ਨੇ ਤੀਜਾ ਅਤੇ ਦਸਵੀਂ ਜਮਾਤ ਦੀ ਸੁਹਾਨਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਹੌਸਲਾ-ਅਫ਼ਜ਼ਾਈ ਲਈ ਇਨਾਮ ਵੀ ਦਿੱਤੇ ਗਏ। ਸਮਾਗਮ ਦੌਰਾਨ ਅਖਿਲ ਭਾਰਤੀ ਅਗਰਵਾਲ ਸੰਮੇਲਨ ਵੱਲੋਂ ਸ਼ਵੇਤਾ ਅਗਰਵਾਲ ਅਤੇ ਸੋਨਾਲੀ ਅਗਰਵਾਲ ਨੇ ਸ਼ਮੂਲੀਅਤ ਕੀਤੀ। ਪਰਿਆਵਰਨ ਸੰਰੱਖਣ ਗਤੀਵਿਧੀ ਵੱਲੋਂ ਐਡਵੋਕੇਟ ਰੋਹਿਤ ਰਾਣਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਮਨੋਜ/ਮਨੀਸ਼ ਮੋਂਟੀ, ਹਰਿਤ ਵਿਸਤਾਰਕ ਪੰਜਾਬ, ਦੀਪਕ ਵਰਮਾ, ਕਚਰਾ ਪ੍ਰਬੰਧਨ ਪ੍ਰਾਂਤ ਟੋਲੀ ਮੈਂਬਰ, ਕਮਲਦੀਪ ਲੱਕੀ, ਸਮਾਜਿਕ ਸੰਸਥਾਨ ਟੋਲੀ ਮੈਂਬਰ ਪੰਜਾਬ, ਬਲਜੀਤ ਸਿੰਘ, ਜ਼ਿਲ੍ਹਾ ਸੰਯੋਜਕ ਪਰਿਆਵਰਨ ਸੰਰੱਖਣ ਗਤੀਵਿਧੀ ਬਟਾਲਾ, ਨਰੇਸ਼ ਮਹਾਜਨ, ਸਹਿ-ਜ਼ਿਲ੍ਹਾ ਸੰਯੋਜਕ, ਜੁਗਿੰਦਰ ਅੰਗਰਾ, ਸਰਦਾਰ ਖਰਬਖਸ਼ ਸਿੰਘ ਕਲਸੀ, ਹਰੀਓਮ ਜੋਸ਼ੀ, ਸਿੱਖਿਆ ਸੰਸਥਾਨ ਪ੍ਰਮੁੱਖ, ਸਤੀਸ਼ ਬੱਲਾ, ਧਾਰਮਿਕ ਸੰਸਥਾਨ ਪ੍ਰਮੁੱਖ, ਸ਼੍ਰੀਮਤੀ ਸੋਨੀਆ ਸ਼ਰਮਾ, ਮਹਿਲਾ ਸਹਿ-ਜ਼ਿਲ੍ਹਾ ਪ੍ਰਮੁੱਖ, ਅਨੂ ਸ਼ਰਮਾ, ਸਹਿ-ਨਗਰ ਮਹਿਲਾ ਪ੍ਰਮੁੱਖ ਸ਼੍ਰੀਮਤੀ ਨੀਲਮ ਮਹਾਜਨ ਤੇ ਸੇਵਾਮੁਕਤ ਬੈਂਕ ਮੈਨੇਜਰ ਰਮੇਸ਼ ਮਹਾਜਨ ਸਮੇਤ ਕਈ ਪਤਵੰਤੇ ਹਾਜ਼ਰ ਸਨ। ਅੰਤ ’ਚ ਪਰਿਆਵਰਨ ਸੰਰੱਖਣ ਗਤੀਵਿਧੀ ਵੱਲੋਂ ਹਾਜ਼ਰ ਮਹਿਮਾਨਾਂ ਅਤੇ ਸਕੂਲ ਦੀ ਪ੍ਰਿੰਸੀਪਲ ਰਜਨੀ ਗੋਸਾਈਂ ਨੂੰ ਬੂਟੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।