- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈੱਡ ਕਾਂਸਟੇਬਲ ਦੇ ਕਤਲ ਮਾਮਲੇ ਵਿੱਚ ਇੱਕ ਹਫ਼ਤੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ

- ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ’ਚ ਜੁਟੀ
ਜੀਆਰਪੀ-ਕਾਂਸਟੇਬਲ ਵਿਨੋਦ ਕੁਮਾਰ ਦੀ ਫਾਈਲ ਫੋਟੋ।
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੇ ਕਤਲ ਨੂੰ ਇਕ ਹਫ਼ਤਾ ਬੀਤ ਚੁੱਕਾ ਹੈ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਪੁਲਿਸ ਇਸ ਮਾਮਲੇ ਦੇ ਸਭ ਤੋਂ ਅਹਿਮ ਸੁਰਾਗ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਦਾ ਯਤਨ ਕਰ ਰਹੀ ਹੈ। ਇਸ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ।
ਜਾਣਕਾਰੀ ਅਨੁਸਾਰ 15-16 ਨਵੰਬਰ ਦੀ ਰਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਿੰਡ ਮਾਨ ਕੌਰ ਦੇ ਨੇੜੇ ਖ਼ੂਨ ਨਾਲ ਲਥਪਥ ਪੁਲਿਸ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਵਾਸੀ ਕ੍ਰਿਸ਼ਨਾ ਨਗਰ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਮਾਂ ਕੁੰਤੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੁਲਿਸ ਜ਼ਿਲ੍ਹਾ ਪਠਾਨਕੋਟ ਦੇ ਥਾਣਾ ਸੁਜਾਨਪੁਰ ’ਚ ਤਾਇਨਾਤ ਸੀ। ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਨ੍ਹਾਂ ਦੱਸਿਆ ਸੀ ਕਿ ਐਤਵਾਰ ਰਾਤ ਕਰੀਬ ਸਵਾ ਨੌਂ ਵਜੇ ਵਿਨੋਦ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਹ ਪੁਰਾਣਾ ਸ਼ਾਲਾ ਦੇ ਨੇੜੇ ਪਹੁੰਚ ਗਿਆ ਹੈ ਤੇ ਉਸ ਨੂੰ ਕਿਹਾ ਕਿ ਉਹ ਕਰੀਬ 15 ਮਿੰਟ ਬਾਅਦ ਉਸ ਨੂੰ ਬਾਈਪਾਸ ਤੋਂ ਆ ਕੇ ਲੈ ਜਾਵੇ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦਾ ਭਰਾ ਰਾਮ ਲਾਲ ਉਨ੍ਹਾਂ ਨੂੰ ਲੈਣ ਲਈ ਬਾਈਪਾਸ ਚੌਕ ਪਹੁੰਚਿਆ ਤਾਂ ਵਿਨੋਦ ਉੱਥੇ ਨਹੀਂ ਮਿਲਿਆ। ਪਰਿਵਾਰ ਵੱਲੋਂ ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਮਗਰੋਂ ਰਾਤ ਕਰੀਬ 1 ਵਜੇ ਵਿਨੋਦ ਦੀ ਲਾਸ਼ ਬਾਈਪਾਸ ਸੜਕ ਦੇ ਕਿਨਾਰੇ ਪਈ ਮਿਲੀ। ਵਿਨੋਦ ਕੁਮਾਰ ਪ੍ਰਮੋਸ਼ਨ ਤੋਂ ਬਾਅਦ ਟ੍ਰੇਨਿੰਗ ਸੈਂਟਰ ਜਹਾਨਖੇਲਾਂ ਗਏ ਸਨ। ਉਨ੍ਹਾਂ ਨੂੰ ਟ੍ਰੇਨਿੰਗ ਦੇ ਸਿਲਸਿਲੇ ’ਚ ਸੰਗਰੂਰ ਭੇਜਿਆ ਗਿਆ ਸੀ। 15 ਨਵੰਬਰ ਦੀ ਦੇਰ ਰਾਤ ਜਦੋਂ ਉਹ ਗੁਰਦਾਸਪੁਰ ਵਾਪਸ ਆ ਰਿਹਾ ਸੀ ਤਾਂ ਮਾਨ ਕੌਰ ਦੇ ਨੇੜੇ ਪਹੁੰਚਣ 'ਤੇ ਉਨ੍ਹਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।
ਵਿਨੋਦ ਦੇ ਕਤਲ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ’ਚ ਮੁਲਜ਼ਮ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾਉਂਦੇ ਨਜ਼ਰ ਆ ਰਹੇ ਸਨ। ਉਥੇ ਇਸ ਮਾਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਹਿੰਦੋਸਤਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ ਸੀ। ਲਾਸ਼ ਦੇ ਪੋਸਟਮਾਰਟਮ ਮਗਰੋਂ ਸੋਮਵਾਰ ਦੇਰ ਸ਼ਾਮ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਮਾਮਲੇ ਨੂੰ ਲੈ ਕੇ ਐੱਸਐੱਸਪੀ ਆਦਿਤਿਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੱਖ-ਵੱਖ ਟੀਮਾਂ ਜਾਂਚ ਕਰ ਰਹੀਆਂ ਹਨ। ਪੁਲਿਸ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।