ਅਦਾਲਤੀ ਹੁਕਮ 'ਤੇ ਜ਼ਮੀਨ ਦਾ ਕਬਜ਼ਾ ਦਿਵਾਉਣ ਪੁੱਜੀ ਪੁਲਿਸ, ਬਜ਼ੁਰਗ ਨੇ ਨਿਗਲੀ ਜ਼ਹਿਰੀਲੀ ਦਵਾਈ ਅਦਾਲਤ ਦੇ ਹੁਕਮ 'ਤੇ ਜ਼ਮੀਨ ਦਾ ਕਬਜ਼ਾ ਦਿਵਾਉਣ ਪਹੁੰਚੀ ਪੁਲਿਸ, ਬਜ਼ੁਰਗ ਨੇ ਨਿਗਲੀ ਜ਼ਹਿਰੀਲੀ ਦਵਾਈ
Publish Date: Fri, 27 Nov 2026 06:02 PM (IST)
Updated Date: Sat, 28 Nov 2026 04:08 AM (IST)
- ਪਿੰਡ ਮਸੀਤ ’ਚ ਹੋਈ ਘਟਨਾ, ਸ਼ਾਮ ਲਾਲ ਦਾ ਸਰਕਾਰੀ ਹਸਪਤਾਲ ’ਚ ਚੱਲ ਰਿਹਾ ਇਲਾਜ ਜੀਆਰਪੀ—ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਬਜ਼ੁਰਗ ਸ਼ਾਮ ਲਾਲ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਪਿੰਡ ਮਸੀਤ ’ਚ ਜ਼ਮੀਨੀ ਵਿਵਾਦ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਈ ਸਾਲਾਂ ਤੋਂ ਜ਼ਮੀਨ ਤੇ ਖੇਤੀ ਕਰ ਰਹੇ ਇਕ ਬਜ਼ੁਰਗ ਨੇ ਉਸ ਸਮੇਂ ਜ਼ਹਿਰੀਲੀ ਦਵਾਈ ਨਿਗਲ ਲਈ ਜਦੋਂ ਅਦਾਲਤ ਦੇ ਹੁਕਮ ਤੋਂ ਬਾਅਦ ਦੂਜੀ ਧਿਰ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਮੌਕੇ ਤੇ ਪਹੁੰਚੇ ਸਨ। ਜ਼ਹਿਰੀਲੀ ਦਵਾਈ ਨਿਗਲਣ ਵਾਲੇ ਬਜ਼ੁਰਗ ਦੀ ਪਛਾਣ ਸ਼ਾਮ ਲਾਲ ਵਜੋਂ ਹੋਈ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਸਰਕਾਰੀ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸ਼ਾਮ ਲਾਲ ਦੇ ਪੁੱਤਰ ਨਵੀਨ ਸ਼ਰਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਜ਼ਮੀਨ ਨੂੰ ਧੋਖਾਧੜੀ ਨਾਲ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਮਾਨਸਿਕ ਤੌਰ ਤੇ ਪਰੇਸ਼ਾਨ ਸਨ। ਨਵੀਨ ਮੁਤਾਬਕ ਪੁਲਿਸ ਦੀ ਮੌਜੂਦਗੀ ਵਿਚ ਹੀ ਉਨ੍ਹਾਂ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਦੇ ਮੂੰਹੋਂ ਗੋਲ਼ੀਆਂ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਕੁਝ ਜ਼ਹਿਰੀਲੀ ਦਵਾਈ ਉਨ੍ਹਾਂ ਦੇ ਸਰੀਰ ’ਚ ਜਾ ਚੁੱਕੀ ਸੀ। ਨਵੀਨ ਸ਼ਰਮਾ ਨੇ ਦੱਸਿਆ ਕਿ ਘਟਨਾ ਸਮੇਂ ਉਹ ਆਪਣੀ ਦੁਕਾਨ ਤੇ ਸਨ। ਸੂਚਨਾ ਮਿਲਦਿਆਂ ਹੀ ਉਹ ਤੁਰੰਤ ਖੇਤ ਪਹੁੰਚੇ ਅਤੇ ਆਪਣੇ ਪਿਤਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਨੇ ਇਕ ਵਿਅਕਤੀ ਤੋਂ ਕਰਜ਼ਾ ਲਿਆ ਸੀ ਜੋ ਵਿਆਜ ਸਮੇਤ ਵਾਪਸ ਕਰ ਦਿੱਤਾ ਗਿਆ ਸੀ ਪਰ ਸਬੰਧਤ ਵਿਅਕਤੀ ਨੇ ਕਰਜ਼ ਨਾਲ ਜੁੜੇ ਦਸਤਾਵੇਜ਼ ਵਾਪਸ ਨਹੀਂ ਕੀਤੇ ਅਤੇ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ। ਨਵੀਨ ਦਾ ਦੋਸ਼ ਹੈ ਕਿ ਇਸੇ ਮਾਮਲੇ ਰਾਹੀਂ ਉਨ੍ਹਾਂ ਦੀ ਜ਼ਮੀਨ ਤੇ ਧੋਖੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੀ ਧਿਰ ਨੇ ਆਪਣੇ ਪੱਖ ’ਚ ਦਿੱਤੀ ਸਫਾਈ ਉਥੇ, ਦੂਜੀ ਧਿਰ ਦੇ ਲਾਲ ਸਿੰਘ ਉਰਫ਼ ਲਾਲੀ ਵਾਸੀ ਪਿੰਡ ਵਰਸੋਲਾ ਨੇ ਆਪਣੇ ਪੱਖ ’ਚ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਸਾਲ 2001 ’ਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਸ਼ਾਮ ਲਾਲ ਨੇ ਇਕ ਕਿੱਲਾ ਜ਼ਮੀਨ ਦਾ ਅਗਾਊਂ ਭੁਗਤਾਨ ਲੈਣ ਦੇ ਬਾਵਜੂਦ ਰਜਿਸਟਰੀ ਕਰਵਾਉਣ ’ਚ ਟਾਲ-ਮਟੋਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਅਦਾਲਤ ’ਚ ਮਾਮਲਾ ਦਾਇਰ ਕੀਤਾ ਸੀ। ਲਾਲ ਸਿੰਘ ਅਨੁਸਾਰ ਪਹਿਲਾਂ ਹੇਠਲੀ ਅਦਾਲਤ ਤੇ ਫਿਰ ਹਾਈ ਕੋਰਟ ਨੇ ਉਨ੍ਹਾਂ ਦੇ ਪੱਖ ’ਚ ਫ਼ੈਸਲਾ ਸੁਣਾਇਆ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਅਦਾਲਤ ਦੇ ਹੁਕਮ ਅਨੁਸਾਰ ਜ਼ਮੀਨ ਦਾ ਕਬਜ਼ਾ ਦਿਵਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਮੌਕੇ ਤੇ ਕੀ ਹੋਇਆ ਤੇ ਬਜ਼ੁਰਗ ਨੇ ਜ਼ਹਿਰੀਲੀ ਦਵਾਈ ਕਿਉਂ ਨਿਗਲੀ ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਦੀ ਜ਼ਮੀਨ ਤੇ ਧੋਖਾਧੜੀ ਨਾਲ ਕਬਜ਼ਾ ਨਹੀਂ ਕਰ ਰਹੇ ਹਨ।