ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਸਰਗਰਮ, ਕਾਸੋ ਅਭਿਆਨ ਤਹਿਤ 19 ਮਾਮਲੇ ਦਰਜ, 26 ਗ੍ਰਿਫ਼ਤਾਰ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੁਲਿਸ ਸਰਗਰਮ, ਕਾਸੋ ਅਭਿਆਨ ਤਹਿਤ 19 ਮਾਮਲੇ ਦਰਜ, 26 ਗ੍ਰਿਫ਼ਤਾਰ
Publish Date: Fri, 11 Sep 2026 04:59 PM (IST)
Updated Date: Fri, 11 Sep 2026 05:01 PM (IST)
ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਅਤੇ ਨਸ਼ੇ ਦੇ ਕਾਰੋਬਾਰੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਐੱਸਐੱਸਪੀ ਆਦਿਤਿਆ ਦੀ ਅਗਵਾਈ ਹੇਠ ਕਾਸੋ ਅਭਿਆਨ ਚਲਾਇਆ ਗਿਆ। ਇਸ ਦੌਰਾਨ ਐੱਨਡੀਪੀਐੱਸ ਐਕਟ ਦੇ 19 ਮਾਮਲੇ ਦਰਜ ਕਰਕੇ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਚਾਰ ਸਬ-ਡਿਵੀਜ਼ਨ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ ਅਤੇ ਕਲਾਨੌਰ ਦੇ ਨਾਲ-ਨਾਲ ਛੋਟੇ ਕਸਬਿਆਂ ਜਿਵੇਂ ਕਾਹਨੂੰਵਾਨ, ਪੁਰਾਣਾ ਸ਼ਾਲਾ ਆਦਿ ਵਿੱਚ ਵੀ ਨਸ਼ਾ ਵਿਰੋਧੀ ਕਾਰਵਾਈ ਕੀਤੀ ਗਈ। ਖ਼ਾਸਕਰ ਹਾਟਸਪਾਟ ਖੇਤਰਾਂ ਵਿੱਚ ਪੁਲਿਸ ਨੇ ਡੂੰਘਾਈ ਨਾਲ ਚੈਕਿੰਗ ਅਤੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆ ਵਿੱਚ ਪਿਛਲੇ ਇੱਕ ਸਾਲ ਵਿੱਚ ਪੁਲਿਸ ਨੇ ਕਾਫ਼ੀ ਕਾਰਵਾਈ ਕੀਤੀ ਹੈ ਜਿਸ ਦਾ ਅਸਰ ਇਹ ਹੋਇਆ ਕਿ ਹੁਣ ਉਸ ਪਿੰਡ ਤੋਂ ਨਸ਼ੇ ਨੂੰ ਲੈ ਕੇ ਆਉਣ ਵਾਲੀਆਂ ਸ਼ਿਕਾਇਤਾਂ ਕਾਫ਼ੀ ਹੱਦ ਤੱਕ ਘੱਟ ਹੋਈਆਂ ਹਨ। ਇਸੇ ਤਰ੍ਹਾਂ ਜ਼ਿਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਪੁਲਿਸ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਅਤੇ ਨਸ਼ਾ ਤਸਕਰਾਂ ਤੇ ਲਗਾਮ ਕੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਇਸ ਮੁਹਿੰਮ ਵਿੱਚ ਜਨਤਾ ਦਾ ਸਹਿਯੋਗ ਬਹੁਤ ਅਹਿਮ ਹੈ। ਜਿੱਥੇ ਵੀ ਪਬਲਿਕ ਜਾਂ ਕਿਸੇ ਸੰਸਥਾ ਤੋਂ ਇਨਪੁਟ ਮਿਲਦਾ ਹੈ, ਪੁਲਿਸ ਤੁਰੰਤ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਪੁਲਿਸ ਹੋਰ ਵਿਭਾਗਾਂ ਨਾਲ ਵੀ ਤਾਲਮੇਲ ਬਣਾ ਰਹੀ ਹੈ। ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਲੋਕਾਂ ਨੂੰ ਨਸ਼ੇ ਦੇ ਦੁਸ਼ਪ੍ਰਭਾਵਾਂ ਪ੍ਰਤੀ ਜਾਗਰੂਕ ਵੀ ਕਰ ਰਹੀ ਹੈ। ਪੁਲਿਸ ਦੀ ਅਪੀਲ ਹੈ ਕਿ ਲੋਕ ਨਸ਼ੇ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਨੂੰ ਲੁਕਾਉਣ ਨਾ, ਸਗੋਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕੇ ਅਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।