ਪੁਲਿਸ ਗੈਂਗਸਟਾਰਾਂ ਦੇ ਗੁੰਡਿਆਂ ਦੇ ਥੱਲੇ ਲੱਗੀ, ਜਨਤਾ ਨੂੰ ਕਿੱਥੋਂ ਮਿਲੂ ਇਨਸਾਫ਼: ਰੰਧਾਵਾ ਪੁਲਿਸ ਗੈਂਗਸਟਾਰਾਂ ਦੇ ਗੁੰਡਿਆਂ ਦੇ ਥੱਲੇ ਲੱਗੀ, ਜਨਤਾ ਨੂੰ ਕਿੱਥੋਂ ਮਿਲੂ ਇਨਸਾਫ਼: ਰੰਧਾਵਾ
Publish Date: Thu, 29 Oct 2026 04:29 PM (IST)
Updated Date: Thu, 29 Oct 2026 04:31 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਵੀਰਵਾਰ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਆ ਦੇ ਪ੍ਰਮੁੱਖ ਪੁਲਿਸ ਥਾਣਾ ਕਲਾਨੌਰ ਨੂੰ ਕਾਂਗਰਸੀ ਵਰਕਰਾਂ ਸਮੇਤ ਘੇਰ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੰਧਾਵਾ ਵੱਲੋਂ ਕਾਂਗਰਸੀ ਸਮਰਥਕਾਂ ਸਮੇਤ ਕਰੀਬ ਸਾਢੇ ਤਿੰਨ ਘੰਟੇ ਪੁਲਿਸ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਰੋਸ ਧਰਨੇ ਦੀ ਅਗਵਾਈ ਉਦੇਵੀਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਵੱਲੋਂ ਪੁਲਿਸ ਥਾਣਾ ਕਲਾਨੌਰ ਦੇ ਸਾਹਮਣੇ ਲਗਾਏ ਗਏ ਪੰਡਾਲ ਵਿੱਚ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਸਤਾਏ ਵਰਕਰਾਂ ਅਤੇ ਆਮ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਤੇ ਪੁਲਿਸ ਵੱਲੋਂ ਥਾਣੇ ਦੇ ਮੁੱਖ ਗੇਟ ਨੂੰ ਬੰਦ ਕਰਨ ਦੇ ਵਿਰੋਧ ਵਿੱਚ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਥੀਆਂ ਸਮੇਤ ਬੰਦ ਗੇਟ ਨੂੰ ਧੱਕੇ ਨਾਲ ਖੋਲ ਕੇ ਪੁਲਿਸ ਸਟੇਸ਼ਨ ਦੇ ਅੰਦਰ ਦਾਖ਼ਲ ਹੋਏ। ਇਸ ਮੌਕੇ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਐੱਸਐੱਸਪੀ ਗੁਰਦਾਸਪੁਰ, ਡੀਐੱਸਪੀ ਅਤੇ ਥਾਣੇ ਦੇ ਐੱਸਐੱਚਓ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਉਹਨਾਂ ਦੇ ਪੁੱਤਰ ਉਦੇਵੀਰ ਸਿੰਘ ਰੰਧਾਵਾ ਤੇ ਕਾਂਗਰਸੀ ਵਰਕਰਾਂ ਵੱਲੋਂ ਵੀ ਕਰੀਬ ਸਾਢੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹੁਣ ਤਾਂ ਵਾੜ ਹੀ ਖੇਤ ਨੂੰ ਖਾ ਰਹੀ ਹੈ ਅਤੇ ਪੁਲਿਸ ਗੈਂਗਸਟਾਰਾਂ ਦੇ ਗੁੰਡਿਆਂ ਦੇ ਥੱਲੇ ਲੱਗੀ ਹੋਈ ਹੈ, ਆਮ ਜਨਤਾ ਨੂੰ ਇਨਸਾਫ਼ ਕਿੱਥੋਂ ਮਿਲੂ। ਉਹਨਾਂ ਕਿਹਾ ਕਿ ਐੱਸਐੱਸਪੀ ਗੈਂਗਸਟਰਾਂ ਦੇ ਫੋਨ ਚੁੱਕ ਰਿਹਾ ਹੈ ਅਤੇ ਪੁਲਿਸ ਦੀ ਸ਼ਹਿ ਤੇ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹਨ। ਇਸ ਮੌਕੇ ਤੇ ਰੰਧਾਵਾ ਵੱਲੋਂ ਕਲਾਨੌਰ ਦੇ ਗੌਰੀ ਸਲਹੋਤਰਾ ਦਾ ਹਵਾਲਾ ਦਿੰਦਿਆਂ ਹੋਇਆ ਦੱਸਿਆ ਕਿ ਉਸ ਤੇ ਪਿਛਲੇ ਸਮੇਂ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਤੋਂ ਬਾਅਦ ਵੀ ਗੈਂਗਸਟਰਾਂ ਵੱਲੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਸਬੰਧੀ ਰਿਕਾਰਡਿੰਗ ਪੁਲਿਸ ਨੂੰ ਸੁਣਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਇਲਾਕੇ ਵਿੱਚ ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰੰਤੂ ਪੁਲਿਸ ਚੁੱਪ ਕਰਕੇ ਬੈਠੀ ਹੋਈ ਹੈ। ਉਹਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਗੈਂਗਸਟਰਾਂ ਤੇ ਗੁੰਡਾਗਰਦੀ ਦਾ ਬੋਲਬਾਲਾ ਹੈ। ਉਹਨਾਂ ਕਿਹਾ ਕਿ ਕਲਾਨੌਰ ਥਾਣੇ ਵਿੱਚ ਉਹਨਾਂ ਵੱਲੋਂ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਗਿਆ ਹੈ ਅਤੇ ਦੋ ਐੱਸਪੀ ਵੀ ਮੌਜੂਦ ਹਨ। ਪਰੰਤੂ ਉਹਨਾਂ ਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ਮੌਕੇ ਤੇ ਰੰਧਾਵਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਮੋਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵੋਟਾਂ ਚੋਰੀ ਸਬੰਧੀ ਸੰਬੋਧਨ ਕੀਤਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਕਲਾਨੌਰ ਵਿੱਚ ਲੱਗੇ ਐੱਸਐੱਚਓ ਤੇ ਡੀਐਸਪੀ ਨੂੰ ਕਾਂਗਰਸੀ ਹੀ ਬਚਾਉਂਦੇ ਰਹੇ ਹਨ। ਇਸ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇੱਕ ਝਗੜੇ ਦੇ ਸੰਬੰਧ ਵਿੱਚ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਬੰਧਿਤ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਸੀ, ਜਦਕਿ ਹੁਣ ਦੋਵਾਂ ਧਿਰਾਂ ਵਿੱਚ ਕਰਾਸ ਪਰਚਾ ਹੋ ਗਿਆ ਹੈ। ਇਸ ਮੌਕੇ ਤੇ ਉਦੇ ਵੀਰ ਸਿੰਘ ਰੰਧਾਵਾ ਤੋਂ ਇਲਾਵਾ ਗੌਰਵ ਸਲਹੋਤਰਾ, ਕਮਲਜੀਤ ਟੋਨੀ, ਅਵਤਾਰ ਸਿੰਘ ਲਾਡੀ ਹਕੀਮਪੁਰ, ਰਾਜੇਸ਼ ਕੁਮਾਰ ਟੋਨੀ ਸੱਚਰ, ਹਰਵਿੰਦਰ ਸਿੰਘ ਅਲਾਵਲਪੁਰ, ਗੁਰਨਾਮ ਸਿੰਘ ਬਰੀਲਾ, ਮਨਿੰਦਰ ਸਿੰਘ ਮੰਨੂ ਸਰਜੇ ਚੱਕ, ਹਰਵੰਤ ਸਿੰਘ ਲੋਪਾ, ਮਨਦੀਪ ਸਿੰਘ ਵਡਾਲਾ ਬਾਂਗਰ ਸਾਬਕਾ ਚੇਅਰਮੈਨ, ਧਰਮਿੰਦਰਜੀਤ ਸਿੰਘ ਕੰਗ, ਸੁਵਿੰਦਰ ਸਿੰਘ ਗੱਗੋ ਵਾਲੀ, ਪਲਵਿੰਦਰ ਸਿੰਘ ਭੰਡਾਲ, ਮੇਜਰ ਸਿੰਘ ਢਿੱਲੋ ਮੁਸਤਫਾਪੁਰ, ਪਵਿੱਤਰ ਸਿੰਘ, ਰਵੇਲ ਸਿੰਘ ਪਿੰਡੀਆਂ, ਨਿਰਮਲ ਸਿੰਘ ਨੜਾਂਵਾਲੀ, ਹਰਵਿੰਦਰ ਸਿੰਘ ਬੰਟੀ ਦਲੇਰਪੁਰ, ਡੈਨੀਅਲ ਮਸੀਹ ਸਾਬਕਾ ਵਾਈਸ ਚੇਅਰਮੈਨ ਆਦਿ ਹਾਜ਼ਰ ਸਨ।