- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਸੱਤ ਦਹਾਕਿਆਂ ਤੋਂ ਬੱਸ ਸਟੈਂਡ ਦੀ ਉਡੀਕ ਵਿੱਚ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੋਕ

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ: ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਪਿਛਲੇ ਕੋਈ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਬੱਸ ਸਟੈਂਡ ਤੋਂ ਸੱਖਣਾ ਹੀ ਆਪਣੀ ਹੋਣੀ ’ਤੇ ਅੱਥਰੂ ਵਹਾਉਣ ਲਈ ਮਜਬੂਰ ਹੈ। ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਲਾਕੇ ਦੇ ਲੋਕਾਂ ਲਈ 2021 ਵਿੱਚ ਕੋਈ ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਉਪਰੰਤ ਕੰਮ ਵੀ ਸ਼ੁਰੂ ਹੋ ਗਿਆ ਸੀ ,ਪਰ ਸਰਕਾਰਾਂ ਬਦਲਣ ਤੋਂ ਬਾਅਦ ਬੱਸ ਸਟੈਂਡ ਨੂੰ ਸਿਆਸੀ ਨਜ਼ਰ ਲੱਗਣ ਕਰਕੇ ਇਹ ਕੰਮ ਸਿਆਸੀ ਦੰਗਲ ਦੀ ਲਪੇਟ ਵਿਚ ਆਉਣ ਕਾਰਨ ਅੱਜ ਵੀ ਅੱਧ ਵਿਚਾਲੇ ਲਟਕਿਆ ਹੋਇਆ ਹੈ। ਸ਼ਹਿਰ ਅੰਦਰ ਬੱਸ ਸਟੈਂਡ ਨਾ ਹੋਣ ਕਰਕੇ ਇਲਾਕੇ ਦੇ ਲੋਕ ਗਰਮੀ/ ਸਰਦੀ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਨਜ਼ਦੀਕੀ ਦੁਕਾਨਦਾਰਾਂ ਦੇ ਰਹਿਮੋ ਕਰਮ ਤੇ ਹੀ ਦੁਕਾਨਾਂ ਅੰਦਰ ਰੁਕ ਕੇ ਸਮਾਂ ਲੰਘਾਉਣ ਲਈ ਹੁੰਦੇ ਹਨ ਮਜਬੂਰ। ਅੱਜ ਵੀ ਮੌਜ਼ੂਦਾ ਸਰਕਾਰ ਵੱਲ ਆਸ ਦੀ ਟੇਕ ਲਗਾਈ ਬੈਠੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਇਤਿਹਾਸਕ ਨਗਰ ਨੂੰ ਲੋਕ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਪਹੁੰਚਦੇ ਹਨ,ਪਰ ਵਾਪਸੀ ਤੇ ਨਿਰਾਸ਼ ਹੋ ਕੇ ਜਾਂਦੇ ਹਨ ਕਿ ਘੱਟੋ ਘੱਟ ਇਸ ਇਤਿਹਾਸਕ ਸ਼ਹਿਰ ਵਿੱਚ ਇੱਕ ਬੱਸ ਸਟੈਂਡ ਤੱਕ ਵੀ ਨਹੀਂ ਬਣ ਸਕਿਆ । ਸ਼ਹਿਰ ਵਾਸੀਆਂ ਅਤੇ ਲਾਗਲੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਕੰਮ ਨੂੰ ਸ਼ੁਰੂ ਕਰਵਾ ਕੇ ਇਸ ਅਧੂਰੇ ਪਏ ਬੱਸ ਸਟੈਂਡ ਨੂੰ ਕੰਪਲੀਟ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਵੇ।
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਾਗਜੀ ਅਰਚਨ ਬਣੀ ਹੋਈ ਹੈ ,ਜਿਸ ਨੂੰ ਬਹੁਤ ਜਲਦ ਹੱਲ ਕਰਵਾ ਕੇ ਬੱਸ ਸਟੈਂਡ ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਸਾਰੀਆਂ ਮੁੱਖ ਸਹੂਲਤਾਂ ਸਹਿਤ ਬਸ ਸਟੈਂਡ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ।
ਨਗਰ ਕੌਂਸਲ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਨਵਦੀਪ ਸਿੰਘ ਪੰਨੂ ਨੇ ਕਿਹਾ ਪਿਛਲੇ ਇੱਕ ਸਾਲ ਤੋਂ ਬੱਸ ਸਟੈਂਡ ਦਾ ਕੰਮ ਬੰਦ ਪਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿਹੜੇ ਬਿੱਲ ਮੈਨੂੰ ਭੇਜੇ ਗਏ ਹਨ, ਉਨ੍ਹਾਂ ਦੀ ਅਦਾਇਗੀ ਹੋ ਚੁੱਕੀ ਹੈ।