ਆਯੂਸ਼ ਕੈਂਪਾਂ ਰਾਹੀਂ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਇਲਾਜ ਆਯੂਸ਼ ਕੈਂਪਾਂ ਰਾਹੀਂ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਇਲਾਜ
Publish Date: Thu, 17 Sep 2026 03:47 PM (IST)
Updated Date: Thu, 17 Sep 2026 03:50 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਆਯੂਸ਼ ਮੰਤਰਾਲੇ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਡਾਇਰੈਕਟਰ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ (ਵਧੀਕ ਚਾਰਜ) ਡਾਕਟਰ ਸੀਮਾ ਗਰੇਵਾਲ ਦੀ ਯੋਗ ਅਗਵਾਈ ਹੇਠ ਮੁਖੀ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ 7 ਸਤੰਬਰ ਤੋਂ 30 ਸਤੰਬਰ ਤੱਕ 10 ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਰੋਗੀਆਂ ਦੀ ਜਾਂਚ ਕਰਨ ਉਪਰੰਤ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਚੰਗੇ ਖਾਣ-ਪੀਣ ਤੇ ਰਹਿਣ-ਸਹਿਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਯੋਗ ਬਾਰੇ ਯੋਗ ਇੰਸਟਰਕਟਰਾਂ ਵੱਲੋਂ ਜਾਣਕਾਰੀ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਸਿਲਸਿਲੇ ਤਹਿਤ ਪੰਜਵਾਂ ਆਯੂਸ਼ ਕੈਂਪ ਪਿੰਡ ਰਣਜੀਤ ਬਾਗ ਵਿਖੇ ਲਗਾਇਆ ਗਿਆ। ਡਾ. ਸੀਮਾ ਗਰੇਵਾਲ ਨੇ ਕੈਂਪ ਦਾ ਦੌਰਾ ਕਰਕੇ ਸਮੁੱਚੇ ਪ੍ਰਬੰਧਾਂ ਨੂੰ ਦੇਖਿਆ। ਆਯੁਰਵੈਦਿਕ ਮੈਡੀਕਲ ਅਫ਼ਸਰਾਂ ਡਾ. ਮੀਨਾਕਸ਼ੀ ਤੇ ਡਾ. ਨੀਤੂ ਅਗਰਵਾਲ ਤੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਬਿਕਰਮਜੀਤ ਸਿੰਘ ਤੇ ਡਾ. ਸਤਵਿੰਦਰ ਕੌਰ ਨੇ ਰੋਗੀਆਂ ਦਾ ਮੁਆਇਨਾ ਕੀਤਾ। ਉਪਵੈਦ ਮਹਿਕਦੀਪ ਸਿੰਘ ਤੇ ਗੁਰਮੀਤ ਸਿੰਘ ਨੇ ਆਯੁਰਵੈਦਿਕ ਦਵਾਈਆਂ ਵੰਡੀਆਂ ਤੇ ਹੋਮਿਓਪੈਥੀ ਫਾਰਮਾਸਿਸਟ ਨੀਤੂ ਮਹਾਜਨ ਤੇ ਰਾਜੀਵ ਚੋਨਾ ਨੇ ਹੋਮਿਓਪੈਥਿਕ ਦਵਾਈਆਂ ਵੰਡੀਆਂ। ਇਸ ਮੌਕੇ ਕੁੱਲ ਆਏ 555 ਰੋਗੀਆਂ ਵਿੱਚੋਂ 273 ਨੇ ਆਯੁਰਵੈਦਿਕ ਤੇ 282 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ।