ਪੀਏਯੂ ਦੀ ਸੀਨੀਅਰ ਕੀਟ ਵਿਗਿਆਨੀ ਡਾ. ਬਲਪ੍ਰੀਤ ਕੰਗ ਸੇਵਾਮੁਕਤ ਪੀਏਯੂ ਦੀ ਸੀਨੀਅਰ ਕੀਟ ਵਿਗਿਆਨੀ ਡਾ. ਬਲਪ੍ਰੀਤ ਕੰਗ 31 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾ ਮੁਕਤ
Publish Date: Fri, 02 Oct 2026 03:55 PM (IST)
Updated Date: Fri, 02 Oct 2026 03:58 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਸੀਨੀਅਰ ਵਿਗਿਆਨੀ ਡਾ. ਬਲਪ੍ਰੀਤ ਕੰਗ ਦੀ 31 ਸਾਲਾਂ ਦੀ ਸ਼ਾਨਦਾਰ, ਨਿਰਸਵਾਰਥ ਅਤੇ ਬੇਦਾਗ਼ ਸੇਵਾ ਤੋਂ ਬਾਅਦ ਸੇਵਾ ਮੁਕਤੀ ਮੌਕੇ ਇੱਕ ਭਾਵੁਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਡਾ. ਬਲਪ੍ਰੀਤ ਕੰਗ ਨੇ ਸਾਲ 1995 ਵਿੱਚ ਪੀਏਯੂ ਤੋਂ ਹੀ ਕੀਟ ਵਿਗਿਆਨ ਵਿਸ਼ੇ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਉਸੇ ਸਾਲ ਯੂਨੀਵਰਸਿਟੀ ਵਿੱਚ ਵਿਗਿਆਨੀ ਵਜੋਂ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਆਪਣੇ 31 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਉਹਨਾਂ ਨੇ ਫਸਲਾਂ ਦੇ ਹਾਨੀਕਾਰਕ ਕੀਟਾਂ ਦੀ ਰੋਕਥਾਮ, ਜੈਵਿਕ ਕੀਟ ਨਿਯੰਤਰਣ ਅਤੇ ਕਿਸਾਨਾਂ ਨੂੰ ਕੀਟ-ਪ੍ਰਬੰਧਨ ਸਬੰਧੀ ਸਿਖਲਾਈ ਦੇ ਖੇਤਰ ਵਿੱਚ ਅਣਥੱਕ ਕੰਮ ਕੀਤਾ। ਉਹਨਾਂ ਦੀਆਂ ਖੋਜਾਂ ਅਤੇ ਪਸਾਰ ਗਤੀਵਿਧੀਆਂ ਸਦਕਾ ਹਜ਼ਾਰਾਂ ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ਅਤੇ ਉਹਨਾਂ ਦਾ ਨਾਂ ਕਿਸਾਨ ਭਾਈਚਾਰੇ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਸਨਮਾਨ ਸਮਾਰੋਹ ਮੌਕੇ ਡਾ. ਹਰਪਾਲ ਸਿੰਘ ਰੰਧਾਵਾ, ਡਾਇਰੈਕਟਰ, ਪੀਏਯੂ ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਮਐੱਸ ਭੁੱਲਰ, ਡਾ. ਕੇਐੱਸ ਸਾਂਘਾ, ਡਾ. ਨੀਰਲਮ ਜੋਸ਼ੀ, ਡਾ. ਵਿਜੇ ਕੁਮਾਰ, ਡਾ. ਢਾਕੜਾ ਸਾਰੇ ਪ੍ਰਿੰਸੀਪਲ ਸਾਇੰਟਿਸਟ ਵਜੋਂ ਮੌਜੂਦ ਸਨ। ਇਸ ਮੌਕੇ ਤੇ ਡਾ. ਬਲਪ੍ਰੀਤ ਕੰਗ ਦੇ ਸਪੁੱਤਰ ਡਾ. ਜੈਦੀਪ ਕੰਗ, ਜੋ ਕਿ ਖੁਦ ਕੀਟ ਵਿਗਿਆਨ ਵਿਸ਼ੇ ਵਿੱਚ ਪੀਐੱਚਡੀ ਕਰ ਰਹੇ ਹਨ, ਵੀ ਹਾਜ਼ਰ ਸਨ। ਅੰਤ ਵਿੱਚ ਵਿਭਾਗ ਵੱਲੋਂ ਡਾ. ਬਲਪ੍ਰੀਤ ਕੰਗ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਉਹਨਾਂ ਦੀ ਸਿਹਤਮੰਦ, ਖੁਸ਼ਹਾਲ ਅਤੇ ਸੁਖਾਵੇਂ ਭਵਿੱਖ ਦੀ ਕਾਮਨਾ ਕੀਤੀ ਗਈ।