- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਸਟੋਰਾਂ ਤੋਂ ਐੱਨਆਰਐਕਸ ਦਵਾਈਆਂ ਨਾ ਮਿਲਣ ਕਾਰਨ ਵੱਖ-ਵੱਖ ਬਿਮਾਰੀਆਂ ਦੇ ਪੀੜਤ ਮਰੀਜ਼ਾਂ ਨੂੰ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਪਿਛਲੇ ਦਿਨਾਂ ਦੌਰਾਨ ਮਾਨਸਾ ਵਿੱਚ ਕੈਮਿਸਟ ਸਟੋਰ ਮਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਮਾਜ ਸੇਵਕ ਪਰਵਿੰਦਰ ਝੋਟਾ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਐੱਨਆਰਐਕਸ ਦਵਾਈਆਂ ਵੇਚਣ ’ਤੇ ਕੀਤੀ ਗਈ ਸਖ਼ਤੀ ਤੋਂ ਬਾਅਦ ਪੰਜਾਬ ਭਰ ਦੇ ਕੈਮਿਸਟਾਂ ਵੱਲੋਂ ਐੱਨਆਰਐਕਸ ਦਵਾਈਆਂ ਵੇਚਣੀਆਂ ਬੰਦ ਕਰਨ ਕਾਰਨ ਦਿਲ, ਦਿਮਾਗੀ ਬਿਮਾਰੀਆਂ, ਸਰਵਾਈਕਲ ਅਤੇ ਸ਼ੂਗਰ ਦੇ ਰੋਗੀਆਂ ਨੂੰ ਮੈਡੀਕਲ ਸਟੋਰਾਂ ਤੋਂ ਦਵਾਈਆਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਇਸ ਸਬੰਧੀ ਸਰਵਾਈਕਲ ਅਤੇ ਦਿਲ ਦੇ ਰੋਗ ਨਾਲ ਸਬੰਧਿਤ ਮਰੀਜ਼ ਲਖਬੀਰ ਕੌਰ, ਸਤਿੰਦਰ ਕੌਰ, ਹਰਭਜਨ ਸਿੰਘ, ਬਲਵੰਤ ਸਿੰਘ, ਸੰਤੋਖ ਸਿੰਘ, ਅਮਰਜੀਤ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਤੋਂ ਇਲਾਵਾ ਦਿਲ ਦੀ ਬਿਮਾਰੀ ਹੋਣ ਕਾਰਨ ਉਨ੍ਹਾਂ ਦੇ ਸਟੰਟ ਪੈਣ ਉਪਰੰਤ ਪਿਛਲੇ ਸਮੇਂ ਤੋਂ ਮਾਹਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਕਲੋਨਾਜ਼ੀ ਪਾਮ, ਪੀ ਗੈਬਾ ਐੱਨਟੀ, ਕਲੋਰੋਡਾਈਜ਼ੀ ਪੋ ਐਕਸਸਾਈਡ, ਐਂਟੀ ਜੋਲਾਮ ਆਦਿ ਦਵਾਈਆਂ ਉਹ ਰੂਟੀਨ ਵਿੱਚ ਲੰਮੇ ਸਮੇਂ ਤੋਂ ਲੈ ਰਹੇ ਹਨ, ਜਦਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਨੂੰ ਐੱਨਆਰਐਕਸ ਦਵਾਈਆਂ ਨਾ ਮਿਲਣ ਕਾਰਨ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਇਹ ਦਵਾਈ ਨਾ ਮਿਲਣ ਕਾਰਨ ਨੀਂਦ ਨਾ ਆਉਣਾ ਕਰ ਕੇ ਉਨ੍ਹਾਂ ਦੀ ਸਿਹਤ ਵੀ ਵਿਗੜਦੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਚਿੱਟੇ ਵਰਗੇ ਭਿਆਨਕ ਨਸ਼ੇ ਵਿਕਦੇ ਹਨ, ਪਰੰਤੂ ਉਨ੍ਹਾਂ ਨੂੰ ਜਿਉਣ ਵਾਸਤੇ ਡਾਕਟਰਾਂ ਵੱਲੋਂ ਲਿਖੀ ਦਵਾਈ ਮੈਡੀਕਲ ਸਟੋਰਾਂ ਤੋਂ ਨਹੀਂ ਮਿਲ ਰਹੀ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੈਡੀਕਲ ਸਟੋਰਾਂ 'ਤੇ ਐੱਨਆਰਐਕਸ ਦਵਾਈਆਂ ਵੇਚਣ ਦੀ ਖੁੱਲ੍ਹ ਦਿੱਤੀ ਜਾਵੇ ਤਾਂ ਜੋ ਮਰੀਜ਼ ਸਮੇਂ ਸਿਰ ਦਵਾਈਆਂ ਖਾ ਕੇ ਆਪਣੇ ਸਰੀਰ ਨੂੰ ਠੀਕ ਰੱਖ ਸਕਣ।
ਇਸ ਐੱਨਆਰਐਕਸ ਦਵਾਈਆਂ ਸਬੰਧੀ ਮੈਡੀਸਨ ਦੇ ਸਪੈਸ਼ਲਿਸਟ ਡਾਕਟਰ ਨੇ ਦੱਸਿਆ ਕਿ ਨੀਂਦ ਨਾ ਆਉਣਾ, ਡਿਪਰੈਸ਼ਨ, ਪੇਟ, ਸ਼ੂਗਰ ਤੋਂ ਇਲਾਵਾ ਭਿਆਨਕ ਬਿਮਾਰੀਆਂ ਦੇ ਦਰਦ ਨੂੰ ਰੋਕਣ ਲਈ ਐੱਨਆਰਐਕਸ ਦਵਾਈਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹਾਰਟ ਦੇ ਦਰਦ ਦੌਰਾਨ ਵਰਤੇ ਜਾਣ ਵਾਲੇ ਫੋਟਵਿਨ ਇੰਜੈਕਸ਼ਨ ਜੋ ਪਹਿਲਾਂ ਹੀ ਬੈਨ ਹੈ, ਇਸ ਤੋਂ ਬਾਅਦ ਹੁਣ ਹਾਰਟ ਦੇ ਦਰਦ 'ਤੇ ਵਰਤਿਆ ਜਾਣ ਵਾਲਾ ਟਰਾਮਾ ਡੋਲ ਇੰਜੈਕਸ਼ਨ ਅਤੇ ਹੋਰ ਦਵਾਈਆਂ ਨਾ ਮਿਲਣ ਕਾਰਨ ਪੀੜਤ ਬਿਮਾਰੀਆਂ ਦੇ ਮਰੀਜ਼ਾਂ ਦੀ ਸਿਹਤ ਹੋਰ ਵਿਗੜ ਸਕਦੀ ਹੈ, ਜਿਸ ਲਈ ਉਨ੍ਹਾਂ ਨੂੰ ਐੱਨਆਰਐਕਸ ਦਵਾਈਆਂ ਮਿਲਣਾ ਬੇਹੱਦ ਜ਼ਰੂਰੀ ਹੈ।
- ਸਰਕਾਰੀ ਹਸਪਤਾਲਾਂ ’ਚ ਐੱਨਆਰਐਕਸ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ : ਪ੍ਰਧਾਨ ਰਣਜੀਤ ਸਿੰਘ ਖਾਲਸਾ
ਇਸ ਸਬੰਧੀ ਕੈਮਿਸਟ ਐਸੋਸੀਏਸ਼ਨ ਕਲਾਨੌਰ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਸਮੇਂ ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਮੈਡੀਕਲ ਸਟੋਰ ਮਾਲਕਾਂ 'ਤੇ ਕੀਤੀ ਸਖ਼ਤੀ ਉਪਰੰਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਪੰਜਾਬ ਭਰ ਦੇ ਮੈਡੀਕਲ ਸਟੋਰ ਮਾਲਕਾਂ ਵੱਲੋਂ ਐੱਨਆਰਐਕਸ ਦਵਾਈਆਂ ਵੇਚਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਬਿਮਾਰੀਆਂ ਦੇ ਰੋਗੀਆਂ ਨੂੰ ਮਾਹਰ ਡਾਕਟਰਾਂ ਵੱਲੋਂ ਕਲੋਨਾਜ਼ੀ ਪਾਮ, ਪੀ ਗੈਬਾ ਐਨਟੀ, ਕਲੋਰੋਡਾਈਜ਼ੀ ਪੋ ਐਕਸਸਾਈਡ, ਐਂਟੀ ਜੋਲਾਮ ਆਦਿ ਐੱਨਆਰਐਕਸ ਦਵਾਈਆਂ ਖਾਣ ਲਈ ਰਿਕਮੈਂਡ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਵਾਈਆਂ ਨੂੰ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਖਿਲਾਫ਼ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਜੋ ਵੀ ਮੈਡੀਕਲ ਸਟੋਰ ਮਾਲਕ ਵੇਚੇਗਾ, ਉਸ ਨੂੰ ਤਿੰਨ ਸਾਲ ਤੱਕ ਦਵਾਈ ਵੇਚਣ ਵਾਲੇ ਦਾ ਨਾਮ, ਪਤਾ, ਡਾਕਟਰ ਦੀ ਪਰਚੀ ਆਦਿ ਰਿਕਾਰਡ ਨੂੰ ਮੇਨਟੇਨ ਰੱਖਣਾ ਪਵੇਗਾ। ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਨੂੰ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ, ਜਿਸ ਕਾਰਨ ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਮੈਡੀਕਲ ਸਟੋਰ ਮਾਲਕਾਂ ਵੱਲੋਂ ਐਨਆਰਐਕਸ ਦਵਾਈਆਂ ਵੇਚਣੀਆਂ ਬੰਦ ਕਰ ਦਿੱਤੀਆਂ ਗਈਆਂ, ਤਾਂ ਜੋ ਸਿਹਤ ਵਿਭਾਗ ਅਤੇ ਸਰਕਾਰ ਦੀ ਲੰਮੀ ਅਤੇ ਸਖ਼ਤ ਪ੍ਰਕਿਰਿਆ ਤੋਂ ਬਚ ਸਕਣ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨੇ ਮੰਗ ਕੀਤੀ ਕਿ ਐੱਨਆਰਐਕਸ ਦਵਾਈਆਂ ਦੀ ਸਪਲਾਈ ਸਰਕਾਰੀ ਹਸਪਤਾਲਾਂ ਵਿੱਚ ਯਕੀਨੀ ਬਣਾਈ ਜਾਵੇ ਤਾਂ ਜੋ ਮਰੀਜ਼ ਸਰਕਾਰੀ ਹਸਪਤਾਲ ਵਿੱਚੋਂ ਹੀ ਇਹ ਦਵਾਈਆਂ ਪ੍ਰਾਪਤ ਕਰ ਸਕਣ।