ਧਮਕੀ ਭਰੇ ਈਮੇਲ ਨਾਲ DC ਦਫ਼ਤਰ 'ਚ ਮਚੀ ਹਾਹਾਕਾਰ, ਸੁਰੱਖਿਆ ਦੇ ਮੱਦੇਨਜ਼ਰ ਇਮਾਰਤ ਕਰਵਾਈ ਗਈ ਖ਼ਾਲੀ ਡੀਸੀ ਦਫ਼ਤਰ ਗੁਰਦਾਸਪੁਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਇੱਕ ਈਮੇਲ ਨੇ ਪ੍ਰਸ਼ਾਸਨਕ ਅਧਿਕਾਰੀਆਂ ਵਿੱਚ ਹੜਕੰਪ ਮਚਾ ਦਿੱਤਾ। ਬੁੱਧਵਾਰ ਦੁਪਹਿਰ ਕਰੀਬ 1:20 ਵਜੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਭੇਜਿਆ ਗਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਚੌਕੰਨਾ ਹੋ ਗਿਆ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨ ਨੇ ਤੁਰੰਤ ਡੀਸੀ ਦਫ਼ਤਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ।
Publish Date: Wed, 12 Aug 2026 03:12 PM (IST)
Updated Date: Wed, 12 Aug 2026 03:14 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਡੀਸੀ ਦਫ਼ਤਰ ਗੁਰਦਾਸਪੁਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੇ ਇੱਕ ਈਮੇਲ ਨੇ ਪ੍ਰਸ਼ਾਸਨਕ ਅਧਿਕਾਰੀਆਂ ਵਿੱਚ ਹੜਕੰਪ ਮਚਾ ਦਿੱਤਾ। ਬੁੱਧਵਾਰ ਦੁਪਹਿਰ ਕਰੀਬ 1:20 ਵਜੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਭੇਜਿਆ ਗਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਚੌਕੰਨਾ ਹੋ ਗਿਆ ਅਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਨ ਨੇ ਤੁਰੰਤ ਡੀਸੀ ਦਫ਼ਤਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ।
ਸਾਰੇ ਕਰਮਚਾਰੀਆਂ, ਅਧਿਕਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮੌਕੇ 'ਤੇ ਪੁਲਿਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਟੀਮ ਨੇ ਪੂਰੇ ਭਵਨ ਦੀ ਵਿਸਥਾਰ ਨਾਲ ਜਾਂਚ ਸ਼ੁਰੂ ਕੀਤੀ, ਉੱਥੇ ਹੀ ਹਰ ਕਮਰੇ, ਦਫ਼ਤਰ ਅਤੇ ਆਸਪਾਸ ਦੇ ਖੇਤਰ ਨੂੰ ਖੰਗਾਲਿਆ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸ਼ੱਕੀ ਵਸਤੂ ਦਾ ਪਤਾ ਨਹੀਂ ਲੱਗਾ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਚੈਕਿੰਗ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2026 ਵਿੱਚ ਗੁਰਦਾਸਪੁਰ ਦੇ ਡੀਸੀ ਦਫ਼ਤਰ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜੋ ਬਾਅਦ ਵਿੱਚ ਜਾਂਚ ਦੌਰਾਨ ਫਰਜ਼ੀ ਸਾਬਤ ਹੋਈ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਭੇਜਣ ਵਾਲੇ ਦਾ ਪਤਾ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਸੁਰੱਖਿਆ ਬਲਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਡੀਸੀ ਦਫ਼ਤਰ ਵਿੱਚ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ।