ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਜ਼ੋਰਾਂ 'ਤੇ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਜ਼ੋਰਾਂ 'ਤੇ
Publish Date: Sun, 25 Oct 2026 04:56 PM (IST)
Updated Date: Sun, 25 Oct 2026 04:58 PM (IST)
--ਸਰਕਾਰ ਕਿਸਾਨਾਂ ਵੱਲੋਂ ਝੋਨੇ ਦੀ ਖ਼ਰੀਦ ਦਾ ਸਮਾਂ ਵਧਾਏ: ਹਰਜੀਤ ਸਿੰਘ ਕਾਹਲੋਂ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਸ਼ਨਿਚਰਵਾਰ ਨੂੰ ਅਸਮਾਨ ਵਿੱਚ ਛਾਏ ਬੱਦਲਾਂ ਕਾਰਨ ਜਿੱਥੇ ਮੰਡੀਆਂ ਵਿੱਚ ਝੋਨਾ ਵੇਚਣ ਲਈ ਆਏ ਕਿਸਾਨਾਂ ਤੋਂ ਇਲਾਵਾ ਲੇਬਰ ਅਤੇ ਆੜ੍ਹਤੀ ਮੀਂਹ ਦੇ ਡਰ ਕਾਰਨ ਘਬਰਾਏ ਹੋਏ ਸਨ, ਉੱਥੇ ਐਤਵਾਰ ਨੂੰ ਕੜਕਦੀ ਧੁੱਪ ਲੱਗਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ ਤੋਂ ਇਲਾਵਾ ਬਾਰਡਰ ਏਰੀਏ ਦੀਆਂ ਪ੍ਰਮੁੱਖ ਮੰਡੀਆਂ ਵਿੱਚ ਵੀ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਪੂਰੇ ਜ਼ੋਰਾਂ ਵਿੱਚ ਹੁੰਦੀ ਰਹੀ। ਮੰਡੀਆਂ ਵਿੱਚ ਹੋ ਰਹੀ ਝੋਨੇ ਦੀ ਖ਼ਰੀਦ ਸੰਬੰਧੀ ਜਦੋਂ ਵੱਖ-ਵੱਖ ਖ਼ਰੀਦ ਕੇਂਦਰਾਂ ਤੋਂ ਇਲਾਵਾ ਬਾਰਡਰ ਏਰੀਏ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਮੰਡੀਆਂ ਵਿੱਚ ਲੇਬਰ ਵੱਲੋਂ ਝੋਨੇ ਦੀਆਂ ਢੇਰੀਆਂ ਨੂੰ ਪੱਖੇ ਲਗਾਉਣ ਉਪਰੰਤ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੇ ਝੋਨੇ ਦੀਆਂ ਬੋਰੀਆਂ ਭਰੀਆਂ ਜਾ ਰਹੀਆਂ ਸਨ ਅਤੇ ਮੰਡੀ ਦੇ ਫੜਾਂ ਚੋਂ ਟਰੱਕਾਂ ਅਤੇ ਟਰਾਲੀਆਂ ਰਾਹੀਂ ਝੋਨੇ ਦੀ ਲਿਫ਼ਟਿੰਗ ਕਰਕੇ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦਿਆ ਗਿਆ ਝੋਨਾ ਵੱਖ-ਵੱਖ ਸ਼ੈਲਰਾਂ ਵਿੱਚ ਲਿਫ਼ਟ ਕੀਤਾ ਜਾ ਰਿਹਾ ਸੀ। ਇਸ ਮੌਕੇ ਤੇ ਝੋਨਾ ਵੇਚਣ ਲਈ ਮੰਡੀ ਵਿੱਚ ਆਏ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਤੇ ਕਿਸਾਨ ਹਰਜੀਤ ਸਿੰਘ ਕਾਹਲੋਂ ਤੋਂ ਇਲਾਵਾ ਨਰਿੰਦਰਜੀਤ ਸਿੰਘ ਕੋਟਲੀ ਸੂਰਤ ਮੱਲ੍ਹੀ, ਨਿਰਵੈਰ ਸਿੰਘ ਨਾਹਰਪੁਰ, ਮਨਜੀਤ ਸਿੰਘ, ਕਰਨੈਲ ਸਿੰਘ ਰਹੀਮਾਬਾਦ, ਪਲਵਿੰਦਰ ਸਿੰਘ ਨਬੀਨਗਰ ਆਦਿ ਨੇ ਦੱਸਿਆ ਕਿ ਮੰਡੀ ਵਿੱਚ ਝੋਨੇ ਦੀ ਆਮਦ ਪੂਰੇ ਜ਼ੋਰਾਂ ਤੇ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਬਾਰਿਸ਼ਾਂ ਕਾਰਨ ਕਈ ਖੇਤਰ ਗਿੱਲੇ ਹੋਣ ਕਰਕੇ ਕੰਬਾਈਨਾ ਨਾ ਚੱਲਣ ਕਾਰਨ ਪਛੇਤੇ ਝੋਨੇ ਦੀ ਕਟਾਈ ਪਛੜੀ ਹੈ। ਇਸ ਮੌਕੇ ਤੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਨੂੰ ਘੱਟੋ-ਘੱਟ 10 ਦਿਨ ਤੱਕ ਚਾਲੂ ਰੱਖੇ, ਤਾਂ ਜੋ ਕਿਸਾਨਾਂ ਵੱਲੋਂ ਬੀਜੇ ਗਏ ਝੋਨੇ ਦਾ ਇੱਕ-ਇੱਕ ਦਾਣਾ ਵਿਕ ਸਕੇ। ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਜੇਕਰ ਮੌਸਮ ਖ਼ੁਸ਼ਕ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਰੇ ਕਿਸਾਨਾਂ ਦਾ ਝੋਨੇ ਅਤੇ ਪਰਮਲ ਦੀ ਕਟਾਈ ਕਰਕੇ ਮੰਡੀਆਂ ਵਿੱਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੰਡੀਆਂ ਵਿੱਚ ਬਾਸਮਤੀ ਦੀ ਆਮਦ ਵੀ ਜ਼ੋਰਾਂ ਤੇ ਸ਼ੁਰੂ ਹੋ ਜਾਵੇਗੀ। --ਬਾਰਡਰ ਏਰੀਏ ਦੀਆਂ ਮੰਡੀਆਂ ਲਿਫ਼ਟਿੰਗ ਪੱਖੋਂ ਮੋਹਰੀ: ਮਨਬੀਰ ਸਿੰਘ ਰੰਧਾਵਾ-- ਸਰਹੱਦੀ ਮਾਰਕੀਟ ਕਮੇਟੀ ਕਲਾਨੌਰ ਦੀਆਂ ਵੱਖ-ਵੱਖ ਮੰਡੀਆਂ ਚੋਂ ਝੋਨੇ ਦੀ ਲਿਫ਼ਟਿੰਗ ਕਰਵਾ ਰਹੇ ਆੜ੍ਹਤੀ ਐਸੋਸੀਏਸ਼ਨ ਦੇ ਮਨਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਮੰਡੀਆਂ ਚੋਂ ਝੋਨੇ ਦੀ ਲਿਫ਼ਟਿੰਗ ਪੂਰੇ ਜ਼ੋਰਾਂ ਵਿੱਚ ਕੀਤੀ ਜਾ ਰਹੀ ਹੈ ਅਤੇ ਕਲਾਨੌਰ ਮਾਰਕੀਟ ਕਮੇਟੀ ਲਿਫ਼ਟਿੰਗ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੈਲਰਾਂ ਵਿੱਚ ਪੂਰੀ ਤੇਜ਼ੀ ਨਾਲ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੁਣ ਤੱਕ ਵੱਖ-ਵੱਖ ਏਜੰਸੀਆਂ ਵੱਲੋਂ 6 ਲੱਖ 38 ਹਜ਼ਾਰ ਦੇ ਕਰੀਬ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਦਕਿ ਜ਼ਿਲ੍ਹੇ ਦੀਆਂ ਮੰਡੀਆਂ ਚੋਂ 85 ਫ਼ੀਸਦੀ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ।