- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦੀ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰਾਂ 'ਤੇ, ਸਰਕਾਰੀ ਖਰੀਦ ਅੱਜ ਤੋਂ ਸ਼ੁਰੂ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਤੋਂ ਇਲਾਵਾ ਮਾਰਕੀਟ ਕਮੇਟੀ ਕਲਾਨੌਰ ਅਧੀਨ ਆਉਂਦੇ ਵੱਖ-ਵੱਖ ਖਰੀਦ ਕੇਂਦਰਾਂ ਅਤੇ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਇੱਥੇ ਦੱਸ ਦਈਏ ਕਿ ਵੀਰਵਾਰ ਤੋਂ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਝੋਨੇ ਦੀ ਖਰੀਦ ਸਬੰਧੀ ਕਲਾਨੌਰ ਦੀ ਪ੍ਰਮੁੱਖ ਅਨਾਜ ਮੰਡੀ ਤੋਂ ਇਲਾਵਾ ਵਡਾਲਾ ਬਾਂਗਰ, ਭਿਖਾਰੀਵਾਲ, ਕਾਲਾ ਗੁਰਾਇਆ, ਦੋਸਤਪੁਰ ਅਨਾਜ ਮੰਡੀਆਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਝੋਨਾ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਕਲਾਨੌਰ ਅਨਾਜ ਮੰਡੀ ਵਿੱਚ ਕਿਸਾਨਾਂ ਵੱਲੋਂ ਲਿਆਂਦਾ ਝੋਨਾ ਮੰਡੀਆਂ ਵਿੱਚ ਸੁਕਾਇਆ ਜਾ ਰਿਹਾ ਸੀ।
ਇਸ ਮੌਕੇ 'ਤੇ ਕਿਸਾਨ ਹਰਪਾਲ ਸਿੰਘ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਹਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਪਹਿਲੀ ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਵਾ ਦਿੱਤੀ ਗਈ ਸੀ, ਜੋ ਪਿਛਲੇ ਸਾਲ ਨਾਲੋਂ 10 ਤੋਂ 15 ਦਿਨ ਝੋਨਾ ਪੱਕਣ ਨੂੰ ਉਪਰੰਤ ਉਨ੍ਹਾਂ ਵੱਲੋਂ ਮੰਡੀਆਂ ਵਿੱਚ ਲਿਆਂਦਾ ਜਾ ਰਿਹਾ। ਕਿਸਾਨਾਂ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਪ੍ਰਤੀ ਕੁਇੰਟਲ 2461 ਰੁਪਏ ਵਿੱਚ ਝੋਨਾ ਖਰੀਦਿਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਤੱਕ ਆੜ੍ਹਤੀਆਂ ਨੂੰ ਸਰਕਾਰੀ ਖਰੀਦ ਏਜੰਸੀਆਂ ਦੀ ਅਲਾਟਮੈਂਟ ਨਹੀਂ ਹੋਈ। ਇਸ ਮੌਕੇ 'ਤੇ ਉਨ੍ਹਾਂ ਦੱਸਿਆ ਕਿ ਜਿੱਥੇ ਕਿਸਾਨਾਂ ਵੱਲੋਂ 15 ਦਿਨ ਅੱਗੇਤਾ ਝੋਨਾ ਬੀਜਿਆ ਗਿਆ ਸੀ, ਉੱਥੇ ਸਰਕਾਰ ਵੱਲੋਂ ਝੋਨਾ ਖਰੀਦਣ ਲਈ ਨਿਰਧਾਰਿਤ ਕੀਤੀ ਗਈ ਨਮੀ 17 ਤਹਿਤ ਝੋਨੇ ਨੂੰ ਮੰਡੀਆਂ ਵਿੱਚ ਸੁਕਾਇਆ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਦਾ ਝੋਨਾ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਹੱਥੋ-ਹੱਥੀ ਖਰੀਦਿਆ ਜਾ ਸਕੇ।
ਦੂਜੇ ਪਾਸੇ ਸ਼ੈਲਰ ਯੂਨੀਅਨ ਦੇ ਪ੍ਰਧਾਨ ਅਜੇ ਬੇਦੀ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਦੀ ਬਜਾਏ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਵੱਡੇ ਪੱਧਰ 'ਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈਬ੍ਰਿਡ ਝੋਨੇ ਦੇ ਚਾਵਲਾਂ ਵਿੱਚ 40 ਫੀਸਦੀ ਦੇ ਕਰੀਬ ਟੋਟਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਸੈਲਰ ਮਾਲਕ ਮੰਡੀਆਂ ਵਿੱਚੋਂ ਹਾਈਬ੍ਰਿਡ ਝੋਨੇ ਦੀ ਖਰੀਦ ਨਹੀਂ ਕਰਨਗੇ। ਇਸ ਮੌਕੇ 'ਤੇ ਮਾਰਕੀਟ ਕਮੇਟੀ ਕਲਾਨੌਰ ਦੇ ਸਕੱਤਰ ਪਵਨ ਕੁਮਾਰ ਬਿਬੋਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਮੰਡੀਆਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ, ਤਾਂ ਜੋ ਝੋਨੇ ਦੀ ਖਰੀਦ ਤੁਰੰਤ ਹੋ ਸਕੇ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ।
ਇਸ ਮੌਕੇ 'ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਗੋਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਤੋਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਸ਼ਾਮ ਤੱਕ ਆੜ੍ਹਤੀਆਂ ਨੂੰ ਸਰਕਾਰੀ ਖਰੀਦ ਏਜੰਸੀਆਂ ਦੀ ਅਲਾਟਮੈਂਟ ਨਹੀਂ ਕੀਤੀ ਗਈ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਵਾਰ ਵੱਡੇ ਪੱਧਰ 'ਤੇ ਹਾਈਬ੍ਰਿਡ ਝੋਨੇ ਦੀ ਕਾਸ਼ਤ ਕੀਤੀ ਗਈ ਹੈ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਮੰਡੀਆਂ ਵਿੱਚ ਆਉਣ ਉਪਰੰਤ ਹੀ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ। ਇਸ ਮੌਕੇ 'ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦਬਾਜ਼ੀ ਨਾ ਕਰਨ ਅਤੇ ਮੰਡੀਆਂ ਵਿੱਚ ਪੱਕੀ ਫ਼ਸਲ ਲੈ ਕੇ ਆਉਣ।