- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦੀ ਮੰਡੀਆਂ ਵਿੱਚ ਝੋਨੇ ਦੀ ਆਮਦ ਤੇ ਖਰੀਦ ਜ਼ੋਰਾਂ 'ਤੇ, ਸ਼ੈਲਰਾਂ ਦੀ ਅਲਾਟਮੈਂਟ ਨਾ ਹੋਣ ਕਾਰਨ ਲਿਫਟਿੰਗ ਪੱਛੜੀ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਮਾਰਕੀਟ ਕਮੇਟੀ ਕਲਾਨੌਰ ਅਧੀਨ ਆਉਂਦੀਆਂ ਸਰਹੱਦੀ ਮੰਡੀਆਂ ਵਿੱਚ ਜਿੱਥੇ ਝੋਨੇ ਦੀ ਆਮਦ ਪੂਰੇ ਜ਼ੋਰਾਂ 'ਤੇ ਹੋਣ ਉਪਰੰਤ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਸੋਮਵਾਰ ਸ਼ਾਮ ਤੱਕ ਵੀ ਸ਼ੈਲਰ ਮਾਲਕਾਂ ਨਾਲ ਪ੍ਰਸ਼ਾਸਨ ਵੱਲੋਂ ਐਗਰੀਮੈਂਟ ਨਾ ਹੋਣ ਕਾਰਨ ਮੰਡੀਆਂ ਦੀ ਅਲਾਟਮੈਂਟ ਨਾ ਹੋਣ 'ਤੇ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਰੁਕੀ ਹੋਈ ਹੈ, ਜਿਸ ਕਾਰਨ ਕਿਸਾਨ ਅਤੇ ਆੜ੍ਹਤੀਏ ਪਰੇਸ਼ਾਨੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਨ।
ਇਸ ਸਬੰਧੀ ਮਾਰਕੀਟ ਕਮੇਟੀ ਕਲਾਨੌਰ ਦੇ ਸਕੱਤਰ ਪਵਨ ਕੁਮਾਰ ਬਿਬੋਰੀਆ ਨੇ ਦੱਸਿਆ ਕਿ ਮਾਰਕੀਟ ਕਮੇਟੀ ਕਲਾਨੌਰ ਅਧੀਨ ਆਉਂਦੀ ਅਨਾਜ ਮੰਡੀ ਵਡਾਲਾ ਬਾਂਗਰ, ਕਾਲਾ ਗੁਰਾਇਆ, ਬੁੱਚੇ ਨੰਗਲ, ਰੁਡਿਆਣਾ, ਭਿਖਾਰੀਵਾਲ, ਦੋਸਤਪੁਰ ਹਰਦੋਛਨੀਆ ਆਦਿ ਮੰਡੀਆਂ ਵਿੱਚ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਸੁੱਕੀ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ।
--ਸ਼ੈਲਰਾਂ ਦੀ ਅਲਾਟਮੈਂਟ ਲਈ ਆੜ੍ਹਤੀਆਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ: ਪ੍ਰਧਾਨ ਗੋਰਾ--
ਇਸ ਮੌਕੇ 'ਤੇ ਆੜ੍ਹਤੀ ਐਸੋਸੀਏਸ਼ਨ ਕਲਾਨੌਰ ਦੇ ਪ੍ਰਧਾਨ ਜਤਿੰਦਰ ਗੋਰਾ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ, ਪਰੰਤੂ ਅਜੇ ਤੱਕ ਸ਼ੈਲਰ ਮਾਲਕਾਂ ਨੂੰ ਮੰਡੀਆਂ ਦੀ ਅਲਾਟਮੈਂਟ ਨਾ ਹੋਣ ਕਾਰਨ ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ। ਇਸ ਮੌਕੇ 'ਤੇ ਉਨ੍ਹਾਂ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ ਦੋ ਦਿਨ ਵਰਖਾ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਰਖਾ ਆ ਜਾਂਦੀ ਹੈ ਤਾਂ ਮੰਡੀਆਂ ਵਿੱਚ ਪਿਆ ਝੋਨਾ ਖਰਾਬ ਹੋ ਸਕਦਾ ਹੈ। ਪ੍ਰਧਾਨ ਗੋਰਾ ਨੇ ਦੱਸਿਆ ਕਿ ਆੜ੍ਹਤੀਆਂ ਦੇ ਵਫ਼ਦ ਵੱਲੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੂੰ ਮਿਲਣ ਉਪਰੰਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਤੁਰੰਤ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ਦੀ ਅਲਾਟਮੈਂਟ ਹੋਣ ਉਪਰੰਤ ਝੋਨੇ ਦੀ ਲਿਫਟਿੰਗ ਸ਼ੁਰੂ ਹੋ ਜਾਵੇਗੀ।
--ਐਗਰੀਮੈਂਟ ਹੋਣ 'ਤੇ ਸਰਕਾਰੀ ਏਜੰਸੀਆਂ ਵੱਲੋਂ ਖਰੀਦੇ ਝੋਨੇ ਦੀ ਕੀਤੀ ਜਾਵੇਗੀ ਲਿਫਟਿੰਗ: ਅਜੇ ਬੇਦੀ--
ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਕੁਮਾਰ ਬੇਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੀਆਂ ਮੰਡੀਆਂ ਅੱਜ ਹੀ ਲਿੰਕਜ ਹੋਈਆਂ ਹਨ, ਜਦ ਕਿ ਅਜੇ ਤੱਕ ਪ੍ਰਸ਼ਾਸਨ ਨਾਲ ਸ਼ੈਲਰ ਮਾਲਕਾਂ ਨਾਲ ਕੋਈ ਐਗਰੀਮੈਂਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸ਼ੈਲਰਾਂ ਵਿੱਚ ਸਪੇਸ ਦੀ ਵੱਡੀ ਘਾਟ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਇਸ ਵਾਰ ਵੱਡੇ ਪੱਧਰ 'ਤੇ ਹਾਈਬ੍ਰਿਡ ਝੋਨੇ ਦੀ ਬਿਜਾਈ ਕੀਤੀ ਹੋਈ ਹੈ, ਜਿਸ ਵਿੱਚੋਂ 40 ਫੀਸਦ ਤੋਂ ਵੱਧ ਟੋਟਾ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਐਗਰੀਮੈਂਟ ਹੋਣ ਉਪਰੰਤ ਸ਼ੈਲਰ ਮਾਲਕ ਮੰਡੀਆਂ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ ਖਰੀਦਿਆ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਝੋਨੇ ਦੀ ਤੁਰੰਤ ਲਿਫਟਿੰਗ ਕਰਕੇ ਸ਼ੈਲਰਾਂ ਵਿੱਚ ਲਗਾਇਆ ਜਾਵੇਗਾ। ਇਸ ਮੌਕੇ 'ਤੇ ਪ੍ਰਧਾਨ ਅਜੇ ਬੇਦੀ ਨੇ ਕਿਹਾ ਕਿ ਮੰਡੀਆਂ ਵਿੱਚੋਂ ਸ਼ੈਲਰ ਮਾਲਕ ਇੱਕ ਵੀ ਦਾਣਾ ਹਾਈਬ੍ਰਿਡ ਨਹੀਂ ਖਰੀਦਣਗੇ।