ਓਵਰਲੋਡ ਵਾਹਨ ਤ ਸੜਕਾਂ ’ਤੇ ਘੁੰਮਦੇ ਪਸ਼ੂ ਹਾਦਸਿਆਂ ਨੂੰ ਦੇ ਰਹੇ ਸੱਦਾ ਓਵਰਲੋਡ ਵਾਹਨ, ਸੜਕਾਂ ਤੇ ਘੁੰਮਦੇ ਪਸ਼ੂ ਅਤੇ ਅਵਾਰਾ ਕੁੱਤੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
Publish Date: Tue, 17 Nov 2026 05:23 PM (IST)
Updated Date: Tue, 17 Nov 2026 05:24 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਸਕੂਲ ਕਾਲਜਾਂ ਅਤੇ ਵੱਖ-ਵੱਖ ਅਦਾਰਿਆਂ ਵਿੱਚ ਸੈਮੀਨਰ ਲਗਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉੱਥੇ ਸੜਕਾਂ ਤੇ ਸ਼ਰ੍ਹੇਆਮ ਘੁੰਮਦੇ ਓਵਰਲੋਡ ਵਾਹਨਾਂ, ਸੜਕਾਂ ਕਿਨਾਰੇ ਘੁੰਮਦੇ ਪਸ਼ੂ ਅਤੇ ਅਵਾਰਾ ਕੁੱਤੇ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨਿਰਮਲ ਸਿੰਘ, ਕੁਲਵੰਤ ਸਿੰਘ ਕਾਲਾ, ਬਿਕਰਮਜੀਤ ਸਿੰਘ ਭੱਟੀ, ਸੁਖਦੇਵ ਸਿੰਘ, ਧਰਮਿੰਦਰਜੀਤ ਸਿੰਘ ਕੰਗ, ਅਪਰ ਅਪਾਰ ਸਿੰਘ, ਸੇਵਾ ਮੁਕਤ ਸੂਬੇਦਾਰ ਮੇਜਰ ਸੁਖਦੇਵ ਸਿੰਘ, ਰਣਜੀਤ ਸਿੰਘ ਰਾਣਾ ਪ੍ਰਧਾਨ ਪੰਜਾਬੀ ਲੋਕ ਕਲਾ ਮੰਚ ਆਦਿ ਨੇ ਦੱਸਿਆ ਕਿ ਆਏ ਦਿਨ ਵਾਪਰ ਰਹੇ ਸੜਕੀ ਹਾਦਸਿਆਂ ਕਾਰਨ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਜਿਸ ਕਾਰਨ ਸੁਹਾਗਣਾਂ ਦੇ ਸੁਹਾਗ, ਭੈਣਾਂ ਦੇ ਭਰਾ ਅਤੇ ਮਾਪਿਆਂ ਦੇ ਪੁੱਤਰ ਇਸ ਸੜਕੀ ਅੱਤਵਾਦ ਦੀ ਲਪੇਟ ਵਿੱਚ ਆ ਰਹੇ ਹਨ। ਉਹਨਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮਨੋਰਥ ਲਈ ਸਕੂਲ, ਕਾਲਜਾਂ ਅਤੇ ਵੱਖ-ਵੱਖ ਆਦਾਰਿਆਂ ਵਿੱਚ ਟਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਪਰੰਤੂ ਇਸ ਦੇ ਬਾਵਜੂਦ ਸੜਕਾਂ ਤੇ ਗੁੱਜਰ ਭਾਈਚਾਰੇ ਵੱਲੋਂ ਆਪਣੇ ਪਸ਼ੂਆਂ ਨੂੰ ਸੜਕਾਂ ਤੇ ਕਿਨਾਰੇ ਚਰਾਂਦਾ ਵੱਜੋਂ ਚਾਰਾ ਖੁਆਇਆ ਜਾਂਦਾ ਹੈ। ਇਸ ਦੌਰਾਨ ਪਸ਼ੂਆਂ ਦਾ ਗੋਬਰ ਸੜਕਾਂ ’ਤੇ ਕਰਨ ਉਪਰੰਤ ਦੋ ਪਹੀਆ ਵਾਹਨਾਂ ਦੇ ਟਾਇਰ ਫਿਸਲਣ ਕਾਰਨ ਹਾਦਸੇ ਵਾਪਰ ਰਹੇ ਹਨ। ਸੜਕ ਤੇ ਗੁੱਜਰ ਭਾਈਚਾਰੇ ਦੇ ਪਸ਼ੂਆਂ ਦੀ ਲਪੇਟ ਵਿੱਚ ਆਏ ਕੁਲਦੀਪ ਸਿੰਘ ਨੇ ਦੱਸਿਆ ਕਿ ਸੜਕ ਤੇ ਮੋਟਰਸਾਈਕਲ ਚਲਾਉਂਦੇ ਸਮੇਂ ਮੱਝ ਦਾ ਸਿੰਗ ਉਸ ਨੂੰ ਵੱਜਣ ਕਾਰਨ ਉਸ ਦੀ ਲੱਤ ਟੁੱਟ ਗਈ ਸੀ। ਉਹਨਾਂ ਕਿਹਾ ਕਿ ਉਹ ਭਰਤੀ ਹੋਣਾ ਚਾਹੁੰਦਾ ਸੀ ਪਰੰਤੂ ਪਸ਼ੂਆਂ ਨਾਲ ਵਾਪਰੇ ਹਾਦਸੇ ਕਾਰਨ ਉਹ ਭਰਤੀ ਹੋਣ ਤੋਂ ਵੀ ਵਾਂਝੇ ਰਹਿ ਗਿਆ ਹੈ। ਇਸ ਮੌਕੇ ਤੇਨਿਰਮਲ ਸਿੰਘ ਨੇ ਦੱਸਿਆ ਕਿ ਸੜਕ ਦੇ ਘੁੰਮਦੇ ਅਵਾਰਾ ਕੁੱਤਿਆਂ ਕਾਰਨ ਉਸ ਨੂੰ ਵੀ ਗੰਭੀਰ ਸੱਟਾਂ ਲੱਗ ਚੁੱਕੀਆਂ ਹਨ। ਇਸ ਮੌਕੇ ਉਹਨਾਂ ਦੱਸਿਆ ਕਿ ਸੜਕਾਂ ਤੇ ਘੁੰਮ ਰਹੇ ਤੂੜੀ, ਪਰਾਲੀ ਅਤੇ ਹੋਰ ਓਵਰਲੋਡ ਵਾਹਨਾਂ ਕਾਰਨ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਦੀ ਦਾ ਮੌਸਮ ਸ਼ੁਰੂ ਹੋਣ ਤੇ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇਹਨਾਂ ਦਿਨਾਂ ਵਿੱਚ ਓਵਰਲੋਡ ਵਾਹਨਾਂ ਨਾਲ ਹਾਦਸੇ ਵਾਪਰਨ ਦਾ ਖਦਸ਼ਾ ਵਧ ਜਾਂਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐੱਸਐੱਸਪੀ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਵਾਹਨਾ ਖਿਲਾਫ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।