ਪੰਜ ਦਹਾਕਿਆਂ ਦੌਰਾਨ ਸਰਹੱਦੀ ਖੇਤਰ ’ਚ ਸਰ੍ਹੋਂ ਤੇ ਅਲਸੀ ਦੀ ਕਾਸ਼ਤ ਹੇਠਲਾ ਰਕਬਾ 80 ਫ਼ੀਸਦੀ ਤੱਕ ਘਟਿਆ ਪੰਜ ਦਹਾਕਿਆਂ ਦੌਰਾਨ ਸਰਹੱਦੀ ਖੇਤਰ ਵਿੱਚ ਸਰ੍ਹੋਂ ਤੇ ਅਲਸੀ ਦੀ ਕਾਸ਼ਤ ਹੇਠਲਾ ਰਕਬਾ 80 ਫ਼ੀਸਦੀ ਤੱਕ ਘਟਿਆ
Publish Date: Sun, 29 Nov 2026 04:52 PM (IST)
Updated Date: Sun, 29 Nov 2026 04:55 PM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਦੋਰਾਂਗਲਾ : ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਅੱਜ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ’ਤੇ ਕਿਸਾਨ ਲਗਾਤਾਰ ਨਿਰਭਰ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਸਰ੍ਹੋਂ, ਤੋਰੀਆ, ਅਲਸੀ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਦਾ ਰਕਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਜੇਕਰ ਗੱਲ ਕਰੀਏ ਸਰਹੱਦੀ ਖੇਤਰ ਬਲਾਕ ਦੋਰਾਂਗਲਾ ਦੇ ਅਧੀਨ ਆਉਂਦੇ ਸੈਂਕੜੇ ਪਿੰਡਾਂ ਦੀ, ਤਾਂ ਪਿਛਲੇ ਪੰਜ ਦਹਾਕਿਆਂ ਦੌਰਾਨ ਤੇਲ ਬੀਜਾਂ ਦੀਆਂ ਫ਼ਸਲਾਂ ਹੇਠਲਾ ਰਕਬਾ ਕਰੀਬ 80 ਫ਼ੀਸਦੀ ਤੱਕ ਘਟਣ ਕਾਰਨ ਖੇਤੀਬਾੜੀ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੱਡਾ ਝਟਕਾ ਲੱਗਾ ਹੈ। ਇੱਕ ਸਮਾਂ ਸੀ ਜਦੋਂ ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਸਰ੍ਹੋਂ, ਤੋਰੀਆ ਅਤੇ ਅਲਸੀ ਦੀ ਕਾਸ਼ਤ ਆਮ ਤੌਰ ’ਤੇ ਕੀਤੀ ਜਾਂਦੀ ਸੀ ਅਤੇ ਕਿਸਾਨ ਇਨ੍ਹਾਂ ਫ਼ਸਲਾਂ ਤੋਂ ਆਪਣੀ ਆਮਦਨ ਦੇ ਵੱਖ-ਵੱਖ ਸਰੋਤ ਪੈਦਾ ਕਰਦੇ ਸਨ। ਪਰ ਸਮੇਂ ਦੇ ਨਾਲ ਕਣਕ ਅਤੇ ਝੋਨੇ ਤੇ ਪਸ਼ੂਆਂ ਲਈ ਵਰਤਿਆ ਜਾਣ ਵਾਲਾ ਹਰਾ ਚਾਰਾ ਬਰਸੀਮ ਦੀ ਕਾਸ਼ਤ ਵੱਲ ਕਿਸਾਨਾਂ ਦਾ ਰੁਝਾਨ ਵਧਣ ਕਾਰਨ ਤੇਲ ਬੀਜਾਂ ਦੀਆਂ ਫ਼ਸਲਾਂ ਖੇਤੀਬਾੜੀ ਖੇਤਰ ਵਿੱਚੋਂ ਹੌਲੀ-ਹੌਲੀ ਪਿੱਛੇ ਹਟਦੀਆਂ ਗਈਆਂ। ਖੇਤੀਬਾੜੀ ਮਾਹਿਰਾਂ ਅਨੁਸਾਰ ਪੰਜਾਬ ਵਿੱਚ ਸਾਲ 1970-75 ਦੌਰਾਨ ਤੇਲ ਬੀਜਾਂ ਦੀ ਕਾਸ਼ਤ ਹੇਠ ਕਰੀਬ ਪੰਜ ਲੱਖ ਹੈਕਟੇਅਰ ਰਕਬਾ ਸੀ, ਜੋ ਹੁਣ ਘਟ ਕੇ 50 ਹਜ਼ਾਰ ਹੈਕਟੇਅਰ ਤੋਂ ਵੀ ਘੱਟ ਰਹਿ ਗਿਆ ਹੈ। ਇਸ ਨਾਲ ਸੂਬੇ ਵਿੱਚ ਤੇਲ ਬੀਜਾਂ ਦੀ ਪੈਦਾਵਾਰ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਖਾਣ ਵਾਲੇ ਤੇਲ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਸੂਬਿਆਂ ਅਤੇ ਵਿਦੇਸ਼ਾਂ ’ਤੇ ਨਿਰਭਰਤਾ ਵੀ ਵਧ ਰਹੀ ਹੈ। ਕਿਸਾਨਾਂ ਵੱਲੋਂ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਨੂੰ ਪਹਿਲ ਦੇਣ ਦਾ ਮੁੱਖ ਕਾਰਨ ਇਨ੍ਹਾਂ ਦੀ ਖੇਤੀ, ਮੰਡੀਕਰਨ ਅਤੇ ਸਰਕਾਰੀ ਖਰੀਦ ਪ੍ਰਣਾਲੀ ਬਾਰੇ ਲੰਮੇ ਸਮੇਂ ਤੋਂ ਬਣਿਆ ਤਜਰਬਾ ਅਤੇ ਭਰੋਸਾ ਹੈ। ਇਸ ਦੇ ਉਲਟ ਨਵੀਆਂ ਜਾਂ ਬਦਲਵੀਆਂ ਫ਼ਸਲਾਂ ਦੀ ਕਾਸ਼ਤ, ਵਿਕਰੀ ਅਤੇ ਲਾਹੇਵੰਦ ਭਾਅ ਪ੍ਰਾਪਤ ਕਰਨ ਸੰਬੰਧੀ ਆਉਣ ਵਾਲੀਆਂ ਮੁਸ਼ਕਲਾਂ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਵੱਲ ਜਾਣ ਤੋਂ ਰੋਕਦੀਆਂ ਹਨ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਤੇਲ ਬੀਜਾਂ ਦੀ ਕਾਸ਼ਤ ਲਈ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਗੁਰਦਾਸਪੁਰ ਅਨੁਸਾਰ ਕਿਸਾਨਾਂ ਨੂੰ ਤੇਲ ਬੀਜਾਂ ਦੀਆਂ ਫ਼ਸਲਾਂ ਬਾਰੇ ਜਾਗਰੂਕ ਕਰਕੇ ਇਨ੍ਹਾਂ ਦੀ ਕਾਸ਼ਤ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਹੱਦੀ ਬਲਾਕ ਦੋਰਾਂਗਲਾ ਦੇ ਅਗਾਂਹਵਧੂ ਕਿਸਾਨ ਬੀਕੇ ਸ਼ਰਮਾ ਦਬੂੜੀ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਰਵਾਇਤੀ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਬਦਲਵੀਆਂ ਫ਼ਸਲਾਂ ਵੱਲ ਲਿਜਾਣਾ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਅਨੁਸਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਰ੍ਹੋਂ ਅਤੇ ਹੋਰ ਤੇਲ ਬੀਜਾਂ ਦੀ ਕਾਸ਼ਤ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ। ਕਿਸਾਨ ਪੌਪਲਰ ਅਤੇ ਹੋਰ ਰੁੱਖਾਂ ਦੇ ਵਿਚਕਾਰ ਸਰ੍ਹੋਂ ਦੀ ਕਾਸ਼ਤ ਕਰਕੇ ਇੱਕੋ ਜ਼ਮੀਨ ਤੋਂ ਦੋਹਰੀ ਆਮਦਨ ਪ੍ਰਾਪਤ ਕਰਨ ਦੇ ਤਰੀਕੇ ਵੀ ਅਪਣਾ ਰਹੇ ਹਨ। ਸਰਹੱਦੀ ਖੇਤਰ ਸਮੇਤ ਪੰਜਾਬ ਵਿੱਚ ਤੇਲ ਬੀਜਾਂ ਦੀ ਕਾਸ਼ਤ ਨੂੰ ਮੁੜ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਵਧੀਆ ਬੀਜ, ਤਕਨੀਕੀ ਜਾਣਕਾਰੀ, ਲਾਹੇਵੰਦ ਭਾਅ ਅਤੇ ਮੰਡੀਕਰਨ ਦੀ ਸੁਚੱਜੀ ਸਹੂਲਤ ਮੁਹੱਈਆ ਕਰਵਾਉਣੀ ਜ਼ਰੂਰੀ ਹੈ। ਜੇਕਰ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਗਏ ਤਾਂ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਖੇਤੀਬਾੜੀ ਵਿੱਚ ਵਿਭਿੰਨਤਾ ਹੋਰ ਘਟਣ ਅਤੇ ਤੇਲ ਬੀਜਾਂ ਦੀ ਕਾਸ਼ਤ ਹੋਰ ਪਿੱਛੇ ਜਾਣ ਦਾ ਖ਼ਦਸ਼ਾ ਹੈ।