ਦੇਸ਼ਵਾਸੀਆਂ ਦੇ ਤਿਉਹਾਰਾਂ ਦੇ ਰੱਖਵਾਲੇ ਹਨ ਸਾਡੇ ਜਾਂਬਾਜ਼ ਸੀਮਾ ਦੇ ਪਹਿਰੇਦਾਰ : ਕੁੰਵਰ ਵਿੱਕੀ ਦੇਸ਼ਵਾਸੀਆਂ ਦੇ ਤਿਉਹਾਰਾਂ ਦੇ ਰੱਖਵਾਲੇ ਹਨ ਸਾਡੇ ਜਾਂਬਾਜ਼ ਸੀਮਾ ਦੇ ਪਹਿਰੇਦਾਰ: ਕੁੰਵਰ ਵਿੱਕੀ
Publish Date: Sat, 07 Nov 2026 04:37 PM (IST)
Updated Date: Sun, 08 Nov 2026 04:03 AM (IST)
-ਸਰਹੱਦ ਤੇ ਜਵਾਨਾਂ ਨਾਲ ਦੀਵਾਲੀ ਮਨਾ ਕੇ ਵਧਾਇਆ ਮਨੋਬਲ ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਦੀਵਾਲੀ ਦਾ ਤਿਉਹਾਰ ਸਾਰੇ ਦੇਸ਼ਵਾਸੀ ਉਤਸ਼ਾਹ ਨਾਲ ਆਪਣੇ ਪਰਿਵਾਰ ਨਾਲ ਮਨਾਉਂਦੇ ਹਨ ਪਰ ਰੋਸ਼ਨੀਆਂ ਦੀ ਚਕਾਚੌਂਧ ਵਿੱਚ ਅਕਸਰ ਅਸੀਂ ਉਨ੍ਹਾਂ ਚਿਹਰਿਆਂ ਨੂੰ ਭੁੱਲ ਜਾਂਦੇ ਹਾਂ ਜਿਨ੍ਹਾਂ ਸੀਮਾ ਪਹਿਰੇਦਾਰਾਂ ਦੀ ਬਦੌਲਤ ਅਸੀਂ ਇਹ ਉਤਸਵ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਮਨਾ ਪਾਉਂਦੇ ਹਾਂ। ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਮਨੋਬਲ ਵਧਾਉਣ ਲਈ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਅਤੇ ਸ਼ਹੀਦ ਪਰਿਵਾਰਾਂ ਨੇ ਦੀਵਾਲੀ ਮੌਕੇ ਭਾਰਤ-ਪਾਕ ਸਰਹੱਦ ਦੀ ਜ਼ੀਰੋ ਲਾਈਨ ਤੇ ਸਥਿਤ ਬੀਐੱਸਐੱਫ਼ ਦੀ ਠਾਕੁਰਪੁਰ ਪੋਸਟ ਤੇ ਜਾ ਕੇ ਜਦੋਂ ਜਵਾਨਾਂ ਨਾਲ ਮਿਲ ਕੇ ਦੀਵਾਲੀ ਮਨਾਈ। ਇਸ ਮੌਕੇ ਤੇ ਸੀਮਾ ਸੁਰੱਖਿਆ ਬਲ ਦੀ 135 ਬਟਾਲੀਅਨ ਦੇ ਟੂ ਆਈਸੀ (ਸੈਕੰਡ ਇਨ ਕਮਾਂਡ) ਐੱਸਏ ਟਿਗਾ ਦੀ ਪ੍ਰਧਾਨਗੀ ਹੇਠ ਆਯੋਜਿਤ ਦੀਵਾਲੀ ਸਰਹੱਦ ਵਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ, ਜਿਸ ਦੇ ਮੈਂਬਰ ਪਿਛਲੇ ਕਈ ਸਾਲਾਂ ਤੋਂ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਸਰਹੱਦ ਤੇ ਜਾ ਕੇ ਆਪਣੇ ਦੇਸ਼ ਦੇ ਵੀਰ ਜਵਾਨਾਂ ਨਾਲ ਦੀਵਾਲੀ, ਹੋਲੀ ਅਤੇ ਰੱਖੜੀ ਵਰਗੇ ਤਿਉਹਾਰ ਮਨਾ ਕੇ ਉਨ੍ਹਾਂ ਦਾ ਮਨੋਬਲ ਵਧਾਉਂਦੇ ਹੋਏ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਅਸੀਂ ਵੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਾਂ। ਇਸ ਮੌਕੇ ਤੇ ਟੂਆਈਸੀ ਐੱਸਏ ਟਿਗਾ ਨੇ ਪਰਿਸ਼ਦ ਦੇ ਮੈਂਬਰਾਂ ਅਤੇ ਸ਼ਹੀਦ ਪਰਿਵਾਰਾਂ ਦਾ ਆਭਾਰ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਲਾਂ ਦੇ ਸੇਵਾ ਕਾਲ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੰਸਥਾ ਨੇ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਦੀਵਾਲੀ ਦਾ ਤਿਉਹਾਰ ਸਰਹੱਦ ਤੇ ਪਹੁੰਚ ਕੇ ਜਵਾਨਾਂ ਨਾਲ ਮਨਾਉਂਦੇ ਹੋਏ ਸਾਨੂੰ ਆਪਣੇ ਪਰਿਜਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਇਸ ਮੌਕੇ ਤੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ, ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਲਾਂਸ ਨਾਇਕ ਦੀਪਟੀ ਸਿੰਘ, ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਕਾਂਸਟੇਬਲ ਮਨਦੀਪ ਕੁਮਾਰ ਦੇ ਪਿਤਾ ਨਾਨਕ ਚੰਦ, ਸ਼ਹੀਦ ਸਿਪਾਹੀ ਨਿਸ਼ਾਨ ਸਿੰਘ, ਸ਼ੌਰਯ ਚੱਕਰ ਦੇ ਭਾਈ ਕੈਪਟਨ ਤਰਲੋਕ ਸਿੰਘ, ਕਾਰਗਿਲ ਯੁੱਧ ਦੇ ਸ਼ਹੀਦ ਲਾਂਸ ਨਾਇਕ ਹਰੀਸ਼ ਪਾਲ ਸ਼ਰਮਾ ਦੇ ਭਾਈ ਸਤੀਸ਼ ਸ਼ਰਮਾ ਨੇ ਨਮ ਅੱਖਾਂ ਨਾਲ ਕਿਹਾ ਕਿ ਆਪਣਿਆਂ ਨੂੰ ਦੇਸ਼ ਤੇ ਕੁਰਬਾਨ ਕਰਨ ਤੋਂ ਬਾਅਦ ਉਨ੍ਹਾਂ ਲਈ ਦੀਵਾਲੀ ਵਰਗਾ ਤਿਉਹਾਰ ਕੋਈ ਮਾਇਨੇ ਨਹੀਂ ਰੱਖਦਾ ਪਰ ਅੱਜ ਸਰਹੱਦ ਤੇ ਆ ਕੇ ਵਰ੍ਹਿਆਂ ਬਾਅਦ ਉਨ੍ਹਾਂ ਨੇ ਜਵਾਨਾਂ ਨਾਲ ਦੀਵਾਲੀ ਮਨਾਈ ਹੈ ਅਤੇ ਵਰਦੀ ਪਹਿਨੇ ਇਨ੍ਹਾਂ ਜਵਾਨਾਂ ਵਿੱਚ ਉਨ੍ਹਾਂ ਨੂੰ ਆਪਣੇ ਬਲੀਦਾਨੀ ਸਪੂਤਾਂ ਦਾ ਅਕਸ ਨਜ਼ਰ ਆਉਂਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਵਰ੍ਹਿਆਂ ਪਹਿਲਾਂ ਰਾਸ਼ਟਰ ਦੀ ਬਲੀਵੇਦੀ ਤੇ ਕੁਰਬਾਨ ਕਰ ਦਿੱਤਾ ਸੀ। ਇਸ ਮੌਕੇ ਡਿਪਟੀ ਕਮਾਂਡੈਂਟ ਗੋਪਾਲ ਲਾਲ ਮੀਣਾ, ਸਹਾਇਕ ਕਮਾਂਡੈਂਟ ਪੀਕੇ ਝਾ, ਸਮਾਜ ਸੇਵਕ ਡਾ. ਰਾਜਿੰਦਰ ਸ਼ਰਮਾ, ਇੰਡੀਅਨ ਐਕਸ ਸਰਵਿਸਮੈਨ ਲੀਗ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ, ਸਬ ਇੰਸਪੈਕਟਰ ਆਰ. ਯਾਦਵ, ਏਐੱਸਆਈ ਪੀਪੀ ਮੰਡਲ, ਹੈੱਡ ਕਾਂਸਟੇਬਲ ਬੀਐੱਸ ਰਾਓ, ਕਾਂਸਟੇਬਲ ਜਤਿੰਦਰ ਕੁਮਾਰ ਸਿੰਘ, ਕਾਂਸਟੇਬਲ ਹਰਜਿੰਦਰ ਸਿੰਘ, ਕਾਂਸਟੇਬਲ ਨਵੀਨ ਕੁਮਾਰ, ਕਾਂਸਟੇਬਲ ਵਾਸੁਦੇਵ ਬਰਾਈ ਹਾਜ਼ਰ ਸਨ।