ਆਮ ਬਾਜ਼ਾਰਾਂ ’ਚ ਪਟਾਕੇ ਬਣਾਉਣ, ਸਟੋਰ ਕਰਨ, ਖਰੀਦਣ ਤੇ ਵੇਚਣ ’ਤੇ ਪੂਰਨ ਪਾਬੰਦੀ ਆਮ ਬਾਜ਼ਾਰਾਂ ਵਿੱਚ ਪਟਾਖੇ ਬਣਾਉਣ, ਸਟੋਰ ਕਰਨ, ਖਰੀਦਣ ਤੇ ਵੇਚਣ ’ਤੇ ਪੂਰਨ ਪਾਬੰਦੀ ਦੇ ਹੁਕਮ
Publish Date: Wed, 04 Nov 2026 04:06 PM (IST)
Updated Date: Wed, 04 Nov 2026 04:08 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ: ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਗੁਰਸਿਮਰਨ ਸਿੰਘ ਢਿੱਲੋ ਨੇ ‘ਦ ਭਾਰਤੀਯ ਨਾਗਰਿਕ ਸੁਰੱਕਸ਼ਾ ਸੰਹਿਤਾ’ 2023 (2023 ਦਾ 46) ਪਰੇਸ਼ਾਨੀ ਜਾਂ ਸੰਭਾਵਿਤ ਖ਼ਤਰੇ ਦੇ ਤੁਰੰਤ ਮਾਮਲੇ) ਧਾਰਾ 163 ਦੇ ਅਧੀਨ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਆਮ ਬਾਜ਼ਾਰਾਂ ’ਚ ਕਿਸੇ ਕਿਸਮ ਦੇ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜ਼ੀ ਆਦਿ ਨੂੰ (ਅਣ-ਅਧਿਕਾਰਤ ਤੌਰ ਤੇ) ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ’ਚ ਅੱਗੇ ਕਿਹਾ ਗਿਆ ਹੈ ਕਿ ਦੀਵਾਲੀ/ਗੁਰਪੁਰਬ/ਕ੍ਰਿਸਮਿਸ/ਨਵੇਂ ਸਾਲ ਦੇ ਤਿਉਹਾਰਾਂ ਦੇ ਦਿਨਾਂ ’ਚ ਆਮ ਤੌਰ ’ਤੇ ਪਟਾਕੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਇਨ੍ਹਾਂ ਤਿਉਹਾਰਾਂ ਸਮੇਂ ਪਟਾਕੇ ਆਦਿ ਚਲਾਉਣ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਜਨ ਹਿੱਤ ਨੂੰ ਧਿਆਨ ’ਚ ਰੱਖਦੇ ਹੋਏ ਇਸ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਜ਼ਿਲ੍ਹਾ ਗੁਰਦਾਸਪੁਰ ਅੰਦਰ ਪਟਾਕੇ, ਆਤਿਸ਼ਬਾਜ਼ੀ ਆਦਿ ਬਣਾਉਣ, ਸਟੋਰ ਕਰਨ ਅਤੇ ਖਰੀਦਣ/ਵੇਚਣ ਨੂੰ ਨਿਯਮਤ ਕਰਨਾ ਅਤਿ ਜ਼ਰੂਰੀ ਹੈ। ਹੁਕਮਾਂ ’ਚ ਅੱਗੇ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਪਟਾਖਿਆਂ ਦੀ ਵੇਚਣ/ਖ਼ਰੀਦਣ ਲਈ ਸਮੂਹ ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾ ਗੁਰਦਾਸਪੁਰ ਆਪਣੇ-ਆਪਣੇ ਅਧਿਕਾਰ ਖੇਤਰ ’ਚ ਸੁਰੱਖਿਅਤ ਥਾਵਾਂ ਨਿਰਧਾਰਤ ਕਰਨਗੇ। ਸਬੰਧਤ ਉੱਪ ਮੰਡਲ ਮੈਜਿਸਟਰੇਟ ਵੱਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਥਾਂ ਦੀ ਵਰਤੋਂ ਪਟਾਕੇ ਅਤੇ ਆਤਿਸ਼ਬਾਜ਼ੀ ਦੀ ਖ਼ਰੀਦ ਵਿਕਰੀ ਲਈ ਨਹੀਂ ਕੀਤੀ ਜਾ ਸਕੇਗੀ। ਪਟਾਖਿਆਂ ਦੀ ਵੇਚ/ਖ਼ਰੀਦ ਵਾਲੀਆਂ ਜਗ੍ਹਾਵਾਂ ਨੂੰ ਨਾਨ-ਸਮੋਕਿੰਗ ਏਰੀਆ ਘੋਸ਼ਿਤ ਕੀਤਾ ਜਾਵੇਗਾ। ਪੰਜਾਬ ਸਰਕਾਰ, ਵਿਗਿਆਨ ਤਕਨੀਕ ਅਤੇ ਵਾਤਾਵਰਣ ਵਿਭਾਗ, ਪੰਜਾਬ ਪਾਸੋਂ ਪ੍ਰਾਪਤ ਹੋਏ ਪੱਤਰ ਨੰਬਰ 449(1-7) ਮਿਤੀ 01.10.2026 ਅਤੇ ਸੁਪਰੀਮ ਕੋਰਟ ਆਫ਼ ਇੰਡੀਆ ਦੇ ਆਦੇਸ਼ਾਂ ਅਨੁਸਾਰ ਦੀਵਾਲੀ ਵਾਲੇ ਦਿਨ ਮਿਤੀ 8.11.2026 ਸਮਾਂ ਰਾਤ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ ਮਿਤੀ 24.11.2026, 1 ਘੰਟੇ ਲਈ ਸਵੇਰੇ 4 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਅਤੇ 1 ਘੰਟੇ ਲਈ ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਕ੍ਰਿਸਮਿਸ ਵਾਲੇ ਦਿਨ ਮਿਤੀ 25-26 ਦਸੰਬਰ 2026 ਦੇ ਮੌਕੇ ’ਤੇ ਰਾਤ 11:55 ਪੀਐੱਮ ਤੋਂ ਲੈ ਕੇ 12:30 ਏਐੱਮ ਅਤੇ ਨਵੇਂ ਸਾਲ ’ਤੇ ਮਿਤੀ 31 ਦਸੰਬਰ 2026 ਤੋਂ 01 ਜਨਵਰੀ 2027 ਤੱਕ ਰਾਤ 11:55 ਪੀਐੱਮ ਤੋਂ 12:30 ਏਐੱਮ ਤੱਕ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਇਲਾਵਾ ਪਟਾਕੇ ਚਲਾਉਣ ਦੇ ਸਮੇਂ ’ਚ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਕੇ ਚਲਾਏ ਜਾ ਸਕਣਗੇ ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ। ਇਹ ਹੁਕਮ ਮਿਤੀ 30 ਅਕਤੂਬਰ ਤੋਂ ਲੈ ਕੇ ਮਿਤੀ 2 ਜਨਵਰੀ 2027 ਤੱਕ ਲਾਗੂ ਰਹੇਗਾ।