16 ਤੋਂ 30 ਨਵੰਬਰ ਤੱਕ ਹੋਵੇਗੀ ਆਨਲਾਈਨ ਸਵੈ-ਗਣਨਾ 16 ਤੋਂ 30 ਨਵੰਬਰ ਤੱਕ ਹੋਵੇਗੀ ਆਨਲਾਈਨ ਸਵੈ-ਗਣਨਾ- ਡੀਸੀ
Publish Date: Wed, 04 Nov 2026 04:07 PM (IST)
Updated Date: Wed, 04 Nov 2026 04:08 PM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਗੁਰਦਾਸਪੁਰ: ਜਨਗਣਨਾ-2027 ਤਹਿਤ ਸਵੈ ਗਣਨਾ 16 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਤਹਿਤ ਲੋਕ ਆਪਣਾ ਡਾਟਾ ਖੁਦ ਆਨਲਾਈਨ ਭਰਨਗੇ । ਇਸ ਸਬੰਧੀ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਵਿਸ਼ੇਸ਼ ਲਿੰਕ 16 ਨਵੰਬਰ ਤੋਂ ਐਕਟਿਵ ਹੋਵੇਗਾ ਅਤੇ 30 ਨਵੰਬਰ ਤੱਕ ਇਸ ’ਚ ਡਾਟਾ ਭਰਿਆ ਜਾ ਸਕੇਗਾ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਇਹ ਜਾਣਕਾਰੀ ਅੱਜ ਸੈਂਸਜ਼ ਸਬੰਧੀ ਸਰਕਾਰੀ ਵਿਭਾਗਾਂ ਦੇ ਨੋਡਲ ਅਫਸਰਾਂ ਨਾਲ ਵਿਸ਼ੇਸ਼ ਬੈਠਕ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਲਿੰਕ se.census.gov.in 16 ਨਵੰਬਰ ਤੋਂ ਐਕਟਿਵ ਹੋ ਜਾਵੇਗਾ ਅਤੇ ਕੋਈ ਵੀ ਨਾਗਰਿਕ ਇਸ ਉੱਤੇ ਆਪਣੀ ਜਾਣਕਾਰੀ ਭਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ-2027 ਤਹਿਤ ਆਬਾਦੀ ਦੀ ਗਣਨਾ ਦਾ ਦੂਜਾ ਪੜਾਅ ਪੰਜਾਬ ’ਚ 16 ਨਵੰਬਰ, 2026 ਤੋਂ ਸ਼ੁਰੂ ਹੋਵੇਗਾ ਅਤੇ 4 ਜਨਵਰੀ, 2027 ਤੱਕ ਜਾਰੀ ਰਹੇਗਾ। ਇਸ ਤਹਿਤ 16 ਤੋਂ 30 ਨਵੰਬਰ, 2026 ਤੱਕ ਲੋਕਾਂ ਨੂੰ ਆਨਲਾਈਨ ਸਵੈ-ਗਣਨਾ ਦੀ ਸਹੂਲਤ ਮਿਲੇਗੀ, ਜਦਕਿ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਗਿਣਤੀਕਾਰ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕਰਨਗੇ। ਇਸ ਕਾਰਜ ਲਈ ਕਰੀਬ 3350 ਸਰਕਾਰੀ ਕਰਮਚਾਰੀਆਂ ਨੂੰ ਗਿਣਤੀਕਾਰ ਵੱਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 62 ਫੀਲਡ ਟ੍ਰੇਨਰ ਵੀ ਤਾਇਨਾਤ ਕੀਤੇ ਗਏ ਹਨ ਜੋ ਵੱਖ-ਵੱਖ ਵਿਦਿਅਕ ਅਦਾਰਿਆਂ, ਜਨਤਕ ਥਾਵਾਂ ਤੇ ਸਵੈ ਗਣਨਾ ਅਤੇ ਆਬਾਦੀ ਗਣਨਾ ਲਈ ਪ੍ਰਚਾਰ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਨੋਡਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਹਰ ਇੱਕ ਵਿਭਾਗ ਆਪਣੇ ਦਫਤਰ ਦੇ ਬਾਹਰ ਹੈਲਪ ਡੈਸਕ ਸਥਾਪਤ ਕਰੇਗਾ, ਜਿੱਥੇ ਵਿਭਾਗੀ ਕਰਮਚਾਰੀ ਅਤੇ ਓਥੇ ਵਿਭਾਗ ’ਚ ਕੰਮ ਕਰਵਾਉਣ ਲਈ ਆਉਣ ਵਾਲੀ ਆਮ ਜਨਤਾ ਦੀ ਸਵੈ ਗਣਨਾ ਚ ਮਦਦ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਦਸੰਬਰ ਤੋਂ ਘਰ-ਘਰ ਆਉਣ ਵਾਲੇ ਅਧਿਕਾਰਤ ਗਿਣਤੀਕਾਰ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਪੁੱਛੇ ਗਏ 40 ਸਵਾਲਾਂ ਦੇ ਸਹੀ ਅਤੇ ਸਪੱਸ਼ਟ ਜਵਾਬ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਹਰੇਕ ਵਿਅਕਤੀ ਦੀ ਗਿਣਤੀ ਯਕੀਨੀ ਬਣਾਉਂਦਿਆਂ ਇਹ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ।