ਸਾਨੂੰ ਹਰ ਜੀਵ ਪ੍ਰਤੀ ਰੱਖਣੀ ਚਾਹੀਦੀ ਦਇਆ ਤੇ ਸੰਵੇਦਨਾ : ਸਾਧਵੀ ਭਾਰਤੀ ਸ਼੍ਰੀ ਰਾਮ ਕਥਾ ਅੰਮ੍ਰਿਤ ਦੇ ਚੌਥੇ ਦਿਨ ਸ਼ਬਰੀ ਪ੍ਰਸੰਗ ਨੇ ਦਿੱਤਾ ਦਇਆ ਅਤੇ ਭਗਤੀ ਦਾ ਸੰਦੇਸ਼
Publish Date: Sat, 26 Sep 2026 03:47 PM (IST)
Updated Date: Sun, 27 Sep 2026 04:00 AM (IST)
ਸ਼੍ਰੀ ਰਾਮ ਕਥਾ ਅੰਮ੍ਰਿਤ ਦੇ ਚੌਥੇ ਦਿਨ ਸ਼ਬਰੀ ਪ੍ਰਸੰਗ ਨੇ ਦਿੱਤਾ ਦਇਆ ਤੇ ਭਗਤੀ ਦਾ ਸੰਦੇਸ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਦਿਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਵਰਮਾ ਪੈਲੇਸ ਗੁਰਦਾਸਪੁਰ ਵਿਖੇ ਕਰਵਾਏ ਜਾ ਰਹੇ ਪੰਜ ਦਿਨਾਂ ਦੇ ਸ਼੍ਰੀ ਰਾਮ ਕਥਾ ਅੰਮ੍ਰਿਤ ਦੇ ਚੌਥੇ ਦਿਨ ਕਥਾ ਵਿਆਸ ਸਾਧਵੀ ਸੁਸ਼੍ਰੀ ਸ਼ਚੀ ਭਾਰਤੀ ਨੇ ਸ਼ਬਰੀ ਮਾਤਾ ਦੇ ਪ੍ਰਸੰਗ ਦਾ ਭਾਵਪੂਰਵਕ ਵਰਣਨ ਕੀਤਾ। ਸਾਧਵੀ ਸ਼ਚੀ ਭਾਰਤੀ ਨੇ ਦੱਸਿਆ ਕਿ ਸ਼ਬਰੀ ਭੀਲ ਭਾਈਚਾਰੇ ਨਾਲ ਸਬੰਧਤ ਸਨ। ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਵੱਡੀ ਗਿਣਤੀ ਵਿੱਚ ਭੇਡਾਂ, ਬੱਕਰੀਆਂ ਅਤੇ ਹੋਰ ਪਸ਼ੂ ਬੱਝੇ ਹੋਏ ਦੇਖੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਆਹ ਦੇ ਮੌਕੇ ਇਨ੍ਹਾਂ ਪਸ਼ੂਆਂ ਦੀ ਬਲੀ ਦਿੱਤੀ ਜਾਵੇਗੀ ਅਤੇ ਬਰਾਤੀਆਂ ਨੂੰ ਉਨ੍ਹਾਂ ਦਾ ਮਾਸ ਪਰੋਸਿਆ ਜਾਵੇਗਾ। ਸ਼ਬਰੀ ਮਾਤਾ ਨੇ ਅਜਿਹੀ ਪਰੰਪਰਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸੰਕਲਪ ਲਿਆ ਕਿ ਉਹ ਅਜਿਹੇ ਵਿਆਹ ਅਤੇ ਅਜਿਹੀ ਰੀਤ ਦਾ ਹਿੱਸਾ ਨਹੀਂ ਬਣੇਗੀ, ਜਿਸ ਵਿੱਚ ਮਾਸੂਮ ਜੀਵਾਂ ਦੀ ਹੱਤਿਆ ਕੀਤੀ ਜਾਵੇ। ਇਸ ਸੰਕਲਪ ਨਾਲ ਉਹ ਰਾਤ ਨੂੰ ਘਰ ਤੋਂ ਨਿਕਲ ਗਈ। ਸਾਧਵੀ ਜੀ ਨੇ ਕਿਹਾ ਕਿ ਸ਼ਬਰੀ ਮਾਤਾ ਨੇ ਉਸ ਸਮੇਂ ਪ੍ਰਚਲਿਤ ਇੱਕ ਗਲਤ ਪਰੰਪਰਾ ਦਾ ਵਿਰੋਧ ਕੀਤਾ, ਜਦਕਿ ਅੱਜ ਵੀ ਸਮਾਜ ਵਿੱਚ ਜੀਵ ਹੱਤਿਆ ਵਰਗੀਆਂ ਪ੍ਰਵਿਰਤੀਆਂ ਨੂੰ ਬੜਾਵਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਹਰ ਜੀਵ ਨੂੰ ਇਸ ਧਰਤੀ ਉੱਤੇ ਜੀਵਨ ਦਿੱਤਾ ਹੈ। ਸਾਨੂੰ ਵੀ ਹਰ ਜੀਵ ਪ੍ਰਤੀ ਦਇਆ ਤੇ ਸੰਵੇਦਨਾ ਰੱਖਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ਬਰੀ ਮਾਤਾ ਅੱਗੇ ਚੱਲ ਕੇ ਮਤੰਗ ਮੁਨੀ ਦੇ ਆਸ਼ਰਮ ਵਿੱਚ ਪਹੁੰਚੀ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੀ। ਮੁਨੀ ਨੇ ਉਸਨੂੰ ਗਿਆਨ ਪ੍ਰਦਾਨ ਕੀਤਾ ਅਤੇ ਕਿਹਾ ਕਿ ਇੱਕ ਦਿਨ ਪ੍ਰਭੂ ਸ਼੍ਰੀ ਰਾਮ ਉਸ ਦੀ ਕੁਟੀਆ ਵਿੱਚ ਆਉਣਗੇ, ਇਸ ਲਈ ਉਹ ਧੀਰਜ ਨਾਲ ਉਡੀਕ ਕਰੇ। ਲੰਬੀ ਉਡੀਕ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਸ਼ਬਰੀ ਦੀ ਕੁਟੀਆ ਵਿੱਚ ਪਹੁੰਚੇ ਅਤੇ ਉਸਨੂੰ ਨਵਧਾ ਭਗਤੀ ਦਾ ਉਪਦੇਸ਼ ਦਿੱਤਾ। ਸਾਧਵੀ ਸ਼ਚੀ ਭਾਰਤੀ ਨੇ ਸੰਤ ਦੀ ਪਛਾਣ ਦੱਸਦਿਆਂ ਕਿਹਾ ਕਿ ਪੂਰਨ ਸੰਤ ਉਹੀ ਹੁੰਦਾ ਹੈ, ਜੋ ਮਨੁੱਖ ਨੂੰ ਉਸ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਕਰਵਾਏ ਅਤੇ ਉਸਨੂੰ ਸੱਚ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਣਾ ਦੇਵੇ। ਉਨ੍ਹਾਂ ਕਿਹਾ ਕਿ ਅਜਿਹੇ ਪੂਰਨ ਸੰਤ ਦੀ ਖੋਜ ਲਈ ਜੇਕਰ ਸਾਨੂੰ ਕਈ ਸੰਤਾਂ ਦੇ ਦਰਵਾਜ਼ਿਆਂ ਉੱਤੇ ਵੀ ਜਾਣਾ ਪਵੇ ਤਾਂ ਜ਼ਰੂਰ ਜਾਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਰਮਨ ਬਹਿਲ (ਹਲਕਾ ਇੰਚਾਰਜ, ਆਪ ਗੁਰਦਾਸਪੁਰ), ਬਲਜੀਤ ਸਿੰਘ ਪਾਹੜਾ (ਪ੍ਰਧਾਨ, ਨਗਰ ਕੌਂਸਲ ਗੁਰਦਾਸਪੁਰ), ਸੰਜੀਵ ਸ਼ਰਮਾ (ਪ੍ਰਧਾਨ, ਕਾਂਗਰਸ ਕਮੇਟੀ ਬਟਾਲਾ), ਦਰਸ਼ਨ ਲਾਲ (ਪ੍ਰਧਾਨ, ਵਪਾਰ ਮੰਡਲ ਗੁਰਦਾਸਪੁਰ), ਨਰਿੰਦਰ ਪ੍ਰਿੰਜਾ, ਰਾਜੇਸ਼ ਸ਼ਰਮਾ, ਸੁਨੀਲ ਜੁਮਨ, ਅਸ਼ੋਕ ਭਗਤ, ਰੋਹਿਤ ਕੁਮਾਰ ਅਤੇ ਸੁਮਿਤ ਮਹਾਜਨ (ਸ਼ਿਵ ਭੂਮੀ ਕਮੇਟੀ ਗੁਰਦਾਸਪੁਰ) ਹਾਜ਼ਰ ਰਹੇ।